ਸਾਹਿਤ ਸਭਾ ਰਜਿ ਬਾਘਾਪੁਰਾਣਾ ਨੇ ਰੂ-ਬ-ਰੂ ਸਮਾਗਮ ਕਰਵਾਇਆ ਸਾਹਿਤ ਸਭਾ ਰਜਿ: ਬਾਘਾਪੁਰਾਣਾ
Publish Date: Tue, 24 Nov 2026 04:03 PM (IST)
Updated Date: Tue, 24 Nov 2026 04:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬਾਘਾਪੁਰਾਣਾ : ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਪ੍ਰਵਾਸੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਨਾਮਵਰ ਗੀਤਕਾਰ ਸੁਰਜੀਤ ਸੰਧੂ ਆਸਟ੍ਰੇਲੀਆ ਨਾਲ ਰੂਬਰੂ ਸਾਹਿਤਕ ਸਮਾਗਮ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਦੀ ਪ੍ਰਧਾਨਗੀ ਹੇਠ ਬਾਘਾਪੁਰਾਣਾ ਵਿਖੇ ਕਰਵਾਇਆ ਗਿਆ। ਸਮਾਗਮ ਦੇ ਸ਼ੁਰੂਆਤ ਵਿਚ ਸਭਾ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਰੋਡੇ ਵੱਲੋਂ ਪਹੁੰਚੇ ਹੋਏ ਸਮੂਹ ਲੇਖਕ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸਦੇ ਨਾਲ ਹੀ ਮੁੱਖ ਮਹਿਮਾਨ ਸੁਰਜੀਤ ਸੰਧੂ ਆਸਟ੍ਰੇਲੀਆ ਵੱਲੋਂ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਹੁਣ ਤੱਕ 6 ਪੁਸਤਕਾਂ ਪਾਠਕਾਂ ਦੀ ਲੋਕ ਕਚਹਿਰੀ ਵਿਚ ਆ ਚੁੱਕੀਆਂ ਹਨ ਅਤੇ ਬਹੁਤ ਸਾਰੇ ਵੱਖ ਵੱਖ ਨਾਮਵਰ ਕਲਾਕਾਰਾਂ ਦੀਆਂ ਅਵਾਜ਼ਾਂ ਵਿਚ ਉਨ੍ਹਾਂ ਦੇ 5 ਦਰਜਨ ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦਿਆਂ ਉਨ੍ਹਾਂ ਵੱਲੋਂ ਆਸਟ੍ਰੇਲੀਆ ਵਿਚ ਉਥੋਂ ਦੇ ਪੱਕੇ ਵਸਨੀਕਾਂ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਕਲਾਸਾਂ ਲਗਾ ਕੇ ਪੰਜਾਬੀ ਗੁਰਮੁਖੀ ਲਿਪੀ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਆਪਣੇ ਨਿੱਜੀ ਜੀਵਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਧਰਮਪਤਨੀ ਹਰਜੀਤ ਕੌਰ ਨੇ ਵੀ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ ਹੋਇਆ ਹੈ ਅਤੇ ਉਨ੍ਹਾਂ ਦੀਆਂ ਵੀ ਬਾਲ ਸਾਹਿਤ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਪਰੰਤ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਅਤੇ ਬਾਕੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਲੋਈ ਪਹਿਨਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਲੇਖਕਾਂ ਜਸਵੀਰ ਸ਼ਰਮਾ ਦੱਦਾਹੂਰ, ਜਗਦੀਸ਼ ਪ੍ਰੀਤਮ, ਕੰਵਲਜੀਤ ਭੋਲਾ ਲੰਡੇ, ਕਰਮ ਸਿੰਘ ਕਰਮ, ਜਸਵੰਤ ਸਿੰਘ ਜੱਸੀ, ਮੁਕੰਦ ਕਮਲ, ਪਰਮਜੀਤ ਸਿੰਘ ਬਾਘਾਪੁਰਾਣਾ, ਹਰਚਰਨ ਸਿੰਘ ਰਾਜੇਆਣਾ, ਮਲਕੀਤ ਥਿੰਦ ਲੰਗੇਆਣਾ, ਲਖਵੀਰ ਕੋਮਲ ਆਲਮਵਾਲਾ, ਹਰਵਿੰਦਰ ਸਿੰਘ ਰੋਡੇ, ਸਾਧੂ ਰਾਮ ਲੰਗੇਆਣਾ, ਸਤਨਾਮ ਸ਼ਰਮਾ, ਅਰਸ਼ਦੀਪ ਸ਼ਰਮਾ, ਲਛਮਣ ਸਿੰਘ, ਮੁਕੰਦ ਕਮਲ, ਬਲਜੀਤ ਸਿੰਘ ਬਰਾੜ ਵੱਲੋਂ ਆਪੋ ਆਪਣੀਆਂ ਕਲਮਾਂ ਦੇ ਤਾਜ਼ੇ ਕਲਾਮ ਪੇਸ਼ ਕੀਤੇ ਗਏ।