- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਲਾ ਕਿਸੇ ਉਮਰ ਦੀ ਮੁਹਤਾਜ ਨਹੀਂ ਹੁੰਦੀ।

ਫੌਜਾ ਸਿੰਘ, ਸ਼ਹੀਦ ਭਗਤ ਸਿੰਘ ਤੇ ਜਸਵਿੰਦਰ ਭੱਲਾ ਸਮੇਤ ਬਣਾਈਆਂ ਕਈ ਮੂਰਤੀਆਂ
ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਘੱਲ ਕਲਾਂ : ਕਲਾ ਕਿਸੇ ਉਮਰ ਦੀ ਮੁਹਤਾਜ ਨਹੀਂ ਹੁੰਦੀ। ਜਦੋਂ ਕਿਸੇ ਬੱਚੇ ਦੇ ਮਨ ਵਿਚ ਸਿਰਜਣਾਤਮਕਤਾ ਦਾ ਬੀਜ ਬਚਪਨ ਵਿਚ ਹੀ ਪੈਦਾ ਹੋ ਜਾਵੇ ਅਤੇ ਉਸ ਨੂੰ ਪਰਿਵਾਰ ਵੱਲੋਂ ਸਹੀ ਮਾਰਗਦਰਸ਼ਨ ਮਿਲੇ ਤਾਂ ਉਹੀ ਸ਼ੌਂਕ ਅੱਗੇ ਚੱਲ ਕੇ ਹੁਨਰ ਦਾ ਰੂਪ ਧਾਰ ਲੈਂਦਾ ਹੈ। ਅਜਿਹੀ ਹੀ ਕਹਾਣੀ ਹੈ 16 ਸਾਲਾ ਸਾਗਰਜੋਤ ਕੌਰ ਗਿੱਲ ਦੀ, ਜੋ 10ਵੀਂ ਜਮਾਤ ਵਿਚ ਪੜ੍ਹਾਈ ਕਰਨ ਦੇ ਨਾਲ-ਨਾਲ ਮੂਰਤੀਕਲਾ ਦੇ ਖੇਤਰ ਵਿਚ ਆਪਣੀ ਕਲਾਤਮਿਕ ਪ੍ਰਤਿਭਾ ਦਾ ਪ੍ਰਗਟਾਵਾ ਕਰ ਰਹੀ ਹੈ। ਸਾਗਰਜੋਤ ਕੌਰ ਗਿੱਲ ਦੇ ਪਿਤਾ ਸੁਰਜੀਤ ਸਿੰਘ ਗਿੱਲ ਅਤੇ ਮਾਤਾ ਰਮਨਦੀਪ ਕੌਰ ਗਿੱਲ ਹਨ। ਪਰਿਵਾਰ ਵਿਚੋਂ ਹੀ ਉਸ ਨੂੰ ਕਲਾ ਨਾਲ ਜੁੜਨ ਦਾ ਮੌਕਾ ਮਿਲਿਆ। ਉਸ ਦੇ ਤਾਇਆ ਜੀ ਮਨਜੀਤ ਸਿੰਘ ਗਿੱਲ ਮੂਰਤੀਕਲਾ ਨਾਲ ਜੁੜੇ ਹੋਏ ਹਨ ਅਤੇ ਸਾਗਰਜੋਤ ਨੇ ਉਨ੍ਹਾਂ ਕੋਲੋਂ ਮੂਰਤੀਆਂ ਬਣਾਉਣ ਦੇ ਗੁਰ ਸਿੱਖੇ। ਤਾਇਆ ਜੀ ਦੀ ਰਹਿਨੁਮਾਈ ਅਤੇ ਆਪਣੇ ਅੰਦਰਲੇ ਸ਼ੌਕ ਨੇ ਸਾਗਰਜੋਤ ਨੂੰ ਇਸ ਕਲਾ ਨਾਲ ਹੋਰ ਡੂੰਘਾਈ ਨਾਲ ਜੋੜ ਦਿੱਤਾ। ਸਾਗਰਜੋਤ ਦਾ ਮੂਰਤੀਕਲਾ ਨਾਲ ਨਾਤਾ ਕੋਈ ਅਚਾਨਕ ਬਣੀ ਗੱਲ ਨਹੀਂ। ਉਸ ਨੇ ਮਹਿਜ਼ ਚਾਰ ਸਾਲ ਦੀ ਉਮਰ ਵਿਚ ਮਿੱਟੀ ਨਾਲ ਛੋਟੀਆਂ-ਛੋਟੀਆਂ ਮੂਰਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਸ ਸਮੇਂ ਇਹ ਕੰਮ ਉਸ ਲਈ ਕਿਸੇ ਪੇਸ਼ੇ ਜਾਂ ਕਲਾ ਦੀ ਬਜਾਏ ਇਕ ਖੇਡ ਵਰਗਾ ਸੀ। ਮਿੱਟੀ ਨੂੰ ਹੱਥਾਂ ਵਿਚ ਲੈ ਕੇ ਉਸ ਨੂੰ ਵੱਖ-ਵੱਖ ਰੂਪ ਦੇਣਾ ਉਸ ਨੂੰ ਚੰਗਾ ਲੱਗਦਾ ਸੀ। ਪਰ ਸਮੇਂ ਦੇ ਨਾਲ ਇਹੀ ਖੇਡ ਉਸ ਦੇ ਅੰਦਰਲੇ ਕਲਾਕਾਰ ਨੂੰ ਜਗਾਉਣ ਦਾ ਸਾਧਨ ਬਣ ਗਈ। ਉਮਰ ਵਧਣ ਦੇ ਨਾਲ ਉਸ ਦੀ ਦਿਲਚਸਪੀ ਵੀ ਵਧਦੀ ਗਈ ਅਤੇ ਉਸ ਨੇ ਮੂਰਤੀਆਂ ਬਣਾਉਣ ਦੇ ਬਾਰੀਕ ਪਹਿਲੂਆਂ ਨੂੰ ਸਮਝਣਾ ਸ਼ੁਰੂ ਕੀਤਾ। ਤਾਇਆ ਜੀ ਮਨਜੀਤ ਸਿੰਘ ਗਿੱਲ ਤੋਂ ਮਿਲੀ ਸਿਖਲਾਈ ਨੇ ਉਸ ਦੇ ਹੁਨਰ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਈ। ਸਾਗਰਜੋਤ ਵੱਲੋਂ ਤਿਆਰ ਕੀਤੀਆਂ ਮੂਰਤੀਆਂ ਵਿਚ ਵੱਖ-ਵੱਖ ਖ਼ੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਅਤੇ ਜਾਨਵਰਾਂ ਦੇ ਰੂਪ ਸ਼ਾਮਲ ਹਨ। ਉਸ ਨੇ ਮਸ਼ਹੂਰ ਅਥਲੀਟ ਫੌਜਾ ਸਿੰਘ, ਸ਼ਹੀਦ ਭਗਤ ਸਿੰਘ ਅਤੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਦੀਆਂ ਮੂਰਤੀਆਂ ਵੀ ਤਿਆਰ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ ਸ਼ੇਰ, ਬਿੱਲੀਆਂ, ਖਰਗੋਸ਼ ਅਤੇ ਹੋਰ ਕਈ ਤਰ੍ਹਾਂ ਦੀਆਂ ਮੂਰਤੀਆਂ ਬਣਾਈਆਂ ਹਨ। ਵੱਖ-ਵੱਖ ਰੂਪਾਂ ਨੂੰ ਮੂਰਤੀ ਦਾ ਆਕਾਰ ਦੇਣ ਲਈ ਧਿਆਨ, ਧੀਰਜ ਅਤੇ ਲਗਾਤਾਰ ਅਭਿਆਸ ਦੀ ਲੋੜ ਹੁੰਦੀ ਹੈ। ਸਾਗਰਜੋਤ ਆਪਣੀ ਕਲਾ ਰਾਹੀਂ ਇਸੇ ਅਭਿਆਸ ਅਤੇ ਸਿਰਜਣਾਤਮਕ ਸੋਚ ਨੂੰ ਅੱਗੇ ਵਧਾ ਰਹੀ ਹੈ।
----
ਪੜ੍ਹਾਈ ਦੇ ਨਾਲ ਜਾਰੀ ਹੈ ਕਲਾ ਦਾ ਸਫ਼ਰ
ਅੱਜ ਸਾਗਰਜੋਤ 16 ਸਾਲ ਦੀ ਹੈ ਅਤੇ 10ਵੀਂ ਜਮਾਤ ਦੀ ਵਿਦਿਆਰਥਣ ਹੈ। ਪੜ੍ਹਾਈ ਦੇ ਨਾਲ ਉਹ ਆਪਣੇ ਕਲਾ-ਹੁਨਰ ਨੂੰ ਵੀ ਸਮਾਂ ਦੇ ਰਹੀ ਹੈ। ਉਸ ਦਾ ਸਫ਼ਰ ਇਹ ਦਰਸਾਉਂਦਾ ਹੈ ਕਿ ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਜੇਕਰ ਪਰਿਵਾਰ ਵੱਲੋਂ ਉਤਸ਼ਾਹ ਅਤੇ ਮਾਰਗਦਰਸ਼ਨ ਮਿਲੇ ਤਾਂ ਸ਼ੌਕ ਨੂੰ ਹੁਨਰ ਵਿਚ ਬਦਲਿਆ ਜਾ ਸਕਦਾ ਹੈ। ਚਾਰ ਸਾਲ ਦੀ ਉਮਰ ਵਿਚ ਖੇਡ-ਖੇਡ ਵਿਚ ਬਣਾਈਆਂ ਛੋਟੀਆਂ ਮੂਰਤੀਆਂ ਤੋਂ ਸ਼ੁਰੂ ਹੋਇਆ ਸਾਗਰਜੋਤ ਦਾ ਸਫ਼ਰ ਅੱਜ ਉਸ ਨੂੰ ਅਜਿਹੇ ਮੁਕਾਮ ਵੱਲ ਲੈ ਕੇ ਜਾ ਰਿਹਾ ਹੈ, ਜਿੱਥੇ ਉਸ ਦੇ ਹੱਥਾਂ ਵਿਚ ਮਿੱਟੀ ਸਿਰਫ਼ ਮਿੱਟੀ ਨਹੀਂ ਰਹਿੰਦੀ, ਸਗੋਂ ਵੱਖ-ਵੱਖ ਚਿਹਰਿਆਂ ਅਤੇ ਆਕਾਰਾਂ ਦਾ ਰੂਪ ਧਾਰ ਲੈਂਦੀ ਹੈ। ਉਸ ਦੀ ਕਲਾ ਨਾਲ ਜੁੜੀ ਇਹ ਨਿੱਕੀ ਉਮਰ ਦੀ ਵੱਡੀ ਲਗਨ ਆਉਣ ਵਾਲੇ ਸਮੇਂ ਵਿਚ ਉਸ ਦੇ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹ ਸਕਦੀ ਹੈ।