
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਨੰਗਲ ਦੇ ਇਕ ਨੌਜਵਾਨ ਦੀ ਇਟਲੀ ਵਿਚ ਭਿਆਨਕ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮਨਪ੍ਰੀਤ ਸਿੰਘ ਮੱਲੇਆਣਾ 0 ਪੰਜਾਬੀ ਜਾਗਰਣ, ਮੋਗਾ/ਨਿਹਾਲ ਸਿੰਘ ਵਾਲਾ : ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਨੰਗਲ ਦੇ ਇਕ ਨੌਜਵਾਨ ਦੀ ਇਟਲੀ ਵਿਚ ਭਿਆਨਕ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 44 ਸਾਲਾ ਵਿਅਕਤੀ ਰਣਵੀਰ ਸਿੰਘ ਪਿਛਲੇ 26 ਸਾਲਾਂ ਤੋਂ ਇਟਲੀ ਦੇ ਕਾਸਤੀਜੋਨਾ ਸ਼ਹਿਰ ਵਿਚ ਸਥਿਤ ਇਕ ਜੁਰਾਬਾਂ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰ ਰਿਹਾ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਨਾਲ ਲੈ ਕੇ ਬਾਜ਼ਾਰ ਵਿਚ ਬੱਚਿਆਂ ਦੀਆਂ ਕਿਤਾਬਾਂ ਦਿਵਾਉਣ ਲਈ ਗਿਆ ਹੋਇਆ ਸੀ। ਜਦੋਂ ਉਹ ਦੁਕਾਨ ਤੋਂ ਬਾਹਰ ਆ ਕੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਣ ਲੱਗਾ, ਤਾਂ ਦੂਜੇ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਜੀਪ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰਣਵੀਰ ਸਿੰਘ ਕਰੀਬ 5-6 ਫੁੱਟ ਦੀ ਉਚਾਈ ਤੱਕ ਉਛਲ ਕੇ ਹੇਠਾਂ ਡਿੱਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਰਣਵੀਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ, ਜਿਨ੍ਹਾਂ ਵਿਚ ਦੋ ਧੀਆਂ ਅਤੇ ਇਕ 8 ਸਾਲ ਦਾ ਪੁੱਤਰ ਸ਼ਾਮਲ ਹੈ। ਉਸ ਦੇ ਬੱਚੇ ਉੱਥ ਸਕੂਲ ਵਿਚ ਪੜ੍ਹਾਈ ਕਰ ਰਹੇ ਹਨ ਅਤੇ ਵੱਡੀ ਧੀ ਪਾਇਲਟ ਦਾ ਕੋਰਸ ਕਰ ਰਹੀ ਹੈ। ਰਣਵੀਰ ਸਿੰਘ ਦੇ ਮਾਤਾ-ਪਿਤਾ ਅਤੇ ਦਾਦਾ ਪਿੰਡ ਨੰਗਲ ਮੋਗਾ ਵਿਚ ਰਹਿੰਦੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅਜੇ ਇਕ ਮਹੀਨਾ ਪਹਿਲਾਂ ਹੀ ਇਟਲੀ ਤੋਂ ਵਾਪਸ ਭਾਰਤ ਆਏ ਸਨ ਅਤੇ ਹਾਦਸੇ ਤੋਂ ਇਕ ਦਿਨ ਪਹਿਲਾਂ ਯਾਨੀ 20 ਅਗਸਤ ਨੂੰ ਉਨ੍ਹਾਂ ਦੀ ਰਣਵੀਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਵੀ ਹੋਈ ਸੀ। ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ, ਤਾਂ ਜੋ ਪਰਿਵਾਰ ਆਪਣੇ ਹੱਥੀਂ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।