- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿਚ ਲਗਾਤਾਰ ਵੱਧ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ, ਗੈਂਗਸਟਰਵਾਦ, ਕਤਲਾਂ ਅਤੇ ਫਿਰੌਤੀਆਂ ਦੀਆਂ ਵਾਰਦਾਤਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਇਕ ਵਾਰ ਫਿਰ ਗਰਮਾ ਗਈ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਹਲਕਾ ਧਰਮਕੋਟ ਦੇ ਪਿੰਡ ਭਿੰਡਰ ਖੁਰਦ ਪਹੁੰਚ ਕੇ ਮਰਹੂਮ ਨੌਜਵਾਨ ਉਮਰਸੀਰ ਸਿੰਘ ਸੀਰਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਨੌਜਵਾਨ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਪਿੰਡ ਭਿੰਡਰ ਖੁਰਦ ਦੇ ਹੋਣਹਾਰ ਨੌਜਵਾਨ ਉਮਰਸੀਰ ਸਿੰਘ ਸੀਰਾ ਦਾ 3 ਜਨਵਰੀ 2023 ਨੂੰ ਦਿਨ-ਦਿਹਾੜੇ ਪਿੰਡ ਵਿਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਨਾ ਸਿਰਫ਼ ਪਰਿਵਾਰ ਨੂੰ ਗਹਿਰੇ ਸਦਮੇ ਵਿਚ ਪਾ ਦਿੱਤਾ ਸੀ, ਸਗੋਂ ਪੂਰੇ ਇਲਾਕੇ ਵਿਚ ਵੀ ਸੋਗ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਇਕ ਨੌਜਵਾਨ ਦੀ ਇਸ ਤਰ੍ਹਾਂ ਹੋਈ ਮੌਤ ਨੇ ਸੂਬੇ ਵਿਚ ਲੋਕਾਂ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਸਥਿਤੀ ਬਾਰੇ ਕਈ ਸਵਾਲ ਖੜ੍ਹੇ ਕੀਤੇ ਸਨ। ਇਸ ਮੌਕੇ ਪੰਜਾਬ ਵਿਚ ਵੱਧ ਰਹੇ ਗੈਂਗਸਟਰਵਾਦ, ਕਤਲਾਂ ਅਤੇ ਫਿਰੌਤੀਆਂ ਦੀਆਂ ਘਟਨਾਵਾਂ ਦਾ ਮੁੱਦਾ ਵੀ ਉਭਾਰਿਆ ਗਿਆ। ਕਾਂਗਰਸ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਸੂਬੇ ਵਿਚ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਵਿਚ ਸਰਕਾਰ ਹਰ ਫਰੰਟ ’ਤੇ ਅਸਫ਼ਲ ਰਹੀ ਹੈ। ਇਸ ਮੌਕੇ ਪੰਜਾਬ ਕਾਂਗਰਸ ਵੱਲੋਂ ਸੂਬੇ ਦੇ ਭਵਿੱਖ ਨੂੰ ਲੈ ਕੇ ਆਪਣਾ ਸਿਆਸੀ ਨਜ਼ਰੀਆ ਵੀ ਪੇਸ਼ ਕੀਤਾ ਗਿਆ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਪੰਜਾਬ ਨੂੰ ਇੱਕ ਮਜ਼ਬੂਤ ਸਰਕਾਰ ਦੇਣ ਦੀ ਸੋਚ ਰੱਖਦੀ ਹੈ, ਜੋ ਸੂਬੇ ਦੇ ਹਿੱਤ ਵਿੱਚ ਸਖ਼ਤ ਅਤੇ ਦਲੇਰਾਨਾ ਫ਼ੈਸਲੇ ਲੈ ਸਕੇ। ਉਨ੍ਹਾਂ ਅਨੁਸਾਰ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਅਪਰਾਧਿਕ ਗਤੀਵਿਧੀਆਂ ’ਤੇ ਕਾਬੂ ਪਾਉਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ, ਨੌਜਵਾਨਾਂ ਦੇ ਭਵਿੱਖ ਅਤੇ ਸੂਬੇ ਦੀ ਤਰੱਕੀ ਨੂੰ ਪਹਿਲ ਦੇਵੇ। ਪਿੰਡ ਭਿੰਡਰ ਖੁਰਦ ਵਿਖੇ ਮਰਹੂਮ ਉਮਰਸੀਰ ਸਿੰਘ ਸੀਰਾ ਦੇ ਪਰਿਵਾਰ ਨਾਲ ਕੀਤੀ ਗਈ ਇਸ ਮੁਲਾਕਾਤ ਦੌਰਾਨ ਪੰਜਾਬ ਦੀ ਮੌਜੂਦਾ ਸਥਿਤੀ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਮੁੱਦੇ ਚਰਚਾ ਵਿਚ ਰਹੇ। ਇਸ ਮੌਕੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਸਜੀਵ ਕੋਛੜ, ਸੋਹਣ ਸਿੰਘ ਖੇਲਾ ਅਤੇ ਈਸ਼ਵਰ ਸਿੰਘ ਮਹਿਰੋਂ ਆਦਿ ਹਾਜ਼ਰ ਸਨ।