- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੇ ਕਈ ਹਿੱਸਿਆਂ ਵਿਚ

ਸ਼ਹਿਰ ਦੇ ਦੋ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਖਤਮ, ਲੋਕਾਂ ’ਚ ਘਬਰਾਹਟ
ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਦੇਸ਼ ਦੇ ਕਈ ਹਿੱਸਿਆਂ ਵਿਚ ਪੈਟਰੋਲ ਅਤੇ ਡੀਜ਼ਲ ਦੀ ਕਮੀ ਬਾਰੇ ਫ਼ੈਲ ਰਹੀਆਂ ਅਫ਼ਵਾਹਾਂ ਦਾ ਅਸਰ ਹੁਣ ਮੋਗਾ ਵਿਚ ਵੀ ਸਾਫ਼ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਦੀ ਸ਼ਾਮ ਤੋਂ ਹੀ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ’ਤੇ ਅਚਾਨਕ ਭੀੜ ਵਧਣ ਲੱਗੀ ਅਤੇ ਲੋਕ ਆਪਣੀਆਂ ਗੱਡੀਆਂ ਲੈ ਕੇ ਲਾਈਨਾਂ ਵਿਚ ਖੜ੍ਹੇ ਹੋ ਗਏ। ਹਾਲਾਂਕਿ ਸ਼ੁੱਕਰਵਾਰ ਸਵੇਰੇ ਕੁੱਝ ਸਮੇਂ ਲਈ ਹਾਲਾਤ ਥੋੜ੍ਹੇ ਸ਼ਾਂਤ ਰਹੇ ਪਰ ਦਿਨ ਚੜ੍ਹਦੇ ਹੀ ਫ਼ਿਰ ਤੋਂ ਪੰਪਾਂ ’ਤੇ ਭੀੜ ਦਾ ਦਬਾਅ ਵਧ ਗਿਆ। ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਸਥਿਤ ਕਈ ਪੈਟਰੋਲ ਪੰਪਾਂ ’ਤੇ ਪ੍ਰਬੰਧਕਾਂ ਵੱਲੋਂ ਡਰਮਾਂ ਵਿਚ ਪੈਟਰੋਲ ਦੇਣ ’ਤੇ ਰੋਕ ਲਗਾ ਦਿੱਤੀ ਗਈ। ਪੰਪ ਮਾਲਕਾਂ ਦਾ ਕਹਿਣਾ ਸੀ ਕਿ ਜੇਕਰ ਕੁੱਝ ਲੋਕ ਵੱਡੀ ਮਾਤਰਾ ਵਿਚ ਪੈਟਰੋਲ ਇਕੱਠਾ ਕਰ ਲੈਂਦੇ ਹਨ ਤਾਂ ਹੋਰਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਸਿਰਫ਼ ਵਾਹਨਾਂ ਵਿਚ ਹੀ ਪੈਟਰੋਲ ਭਰਨ ਦੀ ਆਗਿਆ ਦਿੱਤੀ ਗਈ। ਦੁਪਹਿਰ ਬਾਅਦ ਹਾਲਾਤ ਹੋਰ ਗੰਭੀਰ ਹੋ ਗਏ ਜਦੋਂ ਸ਼ਹਿਰ ਦੇ ਦੋ ਪੈਟਰੋਲ ਪੰਪਾਂ ’ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਖ਼ਤਮ ਹੋ ਗਈ। ਮਜ਼ਬੂਰਨ ਉੱਥੇ ਬੈਰੀਕੇਡ ਲਗਾ ਕੇ ਆਵਾਜਾਈ ਨੂੰ ਰੋਕਣਾ ਪਿਆ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਹੋਰ ਵੀ ਘਬਰਾਹਟ ਫ਼ੈਲ ਗਈ ਅਤੇ ਬਾਕੀ ਪੰਪਾਂ ’ਤੇ ਦਬਾਅ ਵਧਦਾ ਗਿਆ। ਮੋਗਾ ਸ਼ਹਿਰ ਪਹਿਲਾਂ ਹੀ ਰਸੋਈ ਗੈਸ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਹੁਣ ਤੇਲ ਸੰਕਟ ਦੀਆਂ ਅਫ਼ਵਾਹਾਂ ਨੇ ਆਮ ਜ਼ਿੰਦਗੀ ’ਤੇ ਹੋਰ ਪ੍ਰਭਾਵ ਪਾਇਆ ਹੈ। ਵੀਰਵਾਰ ਦੁਪਹਿਰ ਇਕ ਖ਼ਬਰ ਤੇਜ਼ੀ ਨਾਲ ਫ਼ੈਲੀ ਕਿ ਨਿੱਜੀ ਪੈਟਰੋਲ ਕੰਪਨੀ ‘ਨਾਇਰਾ’ ਵੱਲੋਂ ਆਪਣੇ ਪੰਪਾਂ ’ਤੇ ਪੈਟਰੋਲ ਦੀ ਕੀਮਤ ਵਿਚ ਲਗਭਗ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਖ਼ਬਰ ਨੇ ਲੋਕਾਂ ਵਿਚ ਚਿੰਤਾ ਅਤੇ ਡਰ ਨੂੰ ਹੋਰ ਵਧਾ ਦਿੱਤਾ। ਲੋਕਾਂ ਵਿਚ ਇਹ ਗੱਲ ਵੀ ਚਰਚਾ ਦਾ ਵਿਸ਼ਾ ਬਣੀ ਰਹੀ ਕਿ ਜੇ ਨਿੱਜੀ ਕੰਪਨੀਆਂ ਕੀਮਤਾਂ ਵਧਾ ਰਹੀਆਂ ਹਨ ਤਾਂ ਸਰਕਾਰੀ ਕੰਪਨੀਆਂ ਵੀ ਜਲਦੀ ਹੀ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ। ਕੁੱਝ ਲੋਕਾਂ ਨੇ ਅਨੁਮਾਨ ਲਗਾਇਆ ਕਿ ਕੀਮਤਾਂ 10 ਤੋਂ 15 ਰੁਪਏ ਪ੍ਰਤੀ ਲੀਟਰ ਤੱਕ ਵਧ ਸਕਦੀਆਂ ਹਨ। ਇਸੇ ਡਰ ਦੇ ਕਾਰਨ ਲੋਕਾਂ ਨੇ ਪਹਿਲਾਂ ਹੀ ਆਪਣੀਆਂ ਵਾਹਨਾਂ ਦੀਆਂ ਟੈਂਕੀਆਂ ਫੁੱਲ ਕਰਵਾਉਣ ਸ਼ੁਰੂ ਕਰ ਦਿੱਤੀਆਂ। ਇਸ ਸਮੇਂ ਮੋਗਾ ਜ਼ਿਲ੍ਹਾ ਖੇਤੀਬਾੜੀ ਦੇ ਮਹੱਤਵਪੂਰਨ ਮੌਸਮ ’ਚੋਂ ਲੰਘ ਰਿਹਾ ਹੈ। ਆਲੂ ਦੀ ਖੁਦਾਈ ਚੱਲ ਰਹੀ ਹੈ ਅਤੇ ਗੇਂਹੂ ਦੀ ਕਟਾਈ ਵੀ ਨੇੜੇ ਹੈ। ਇਸ ਕਰਕੇ ਡੀਜ਼ਲ ਦੀ ਮੰਗ ਵਿਚ ਕੁਦਰਤੀ ਵਾਧਾ ਹੋਇਆ ਹੈ। ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੀਜ਼ਲ ਸਟੋਰ ਕਰਦੇ ਹਨ ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਉਨ੍ਹਾਂ ਨੇ ਇਸ ਵਾਰ ਵੱਧ ਮਾਤਰਾ ਵਿਚ ਡੀਜ਼ਲ ਇਕੱਠਾ ਕੀਤਾ ਹੈ। ਕਿਸਾਨ ਨਰੇਂਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਖੇਤੀਬਾੜੀ ਦੇ ਨਾਲ ਨਾਲ ਮਸ਼ੀਨਰੀ ਵੀ ਹੈ ਜੋ ਹੋਰ ਥਾਵਾਂ ’ਤੇ ਕੰਮ ਲਈ ਜਾਂਦੀ ਹੈ। ਇਸ ਲਈ ਉਨ੍ਹਾਂ ਨੂੰ ਵਾਧੂ ਡੀਜ਼ਲ ਦੀ ਲੋੜ ਪੈਂਦੀ ਹੈ ਅਤੇ ਜਿੱਥੋਂ ਵੀ ਡੀਜ਼ਲ ਮਿਲ ਰਿਹਾ ਹੈ, ਉਹ ਉੱਥੋਂ ਖ਼ਰੀਦ ਰਹੇ ਹਨ ਤਾਂ ਜੋ ਭਵਿੱਖ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ ਅੰਮ੍ਰਿਤਸਰ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ਦੇ ਸੰਚਾਲਕ ਜਗਦੀਸ਼ ਅਰੋੜਾ ਨੇ ਦੱਸਿਆ ਕਿ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਮੁਤਾਬਿਕ ਜੋ ਲੋਕ ਪਹਿਲਾਂ 100 ਰੁਪਏ ਦਾ ਪੈਟਰੋਲ ਭਰਵਾਉਂਦੇ ਸਨ ਹੁਣ ਉਹ 500 ਰੁਪਏ ਜਾਂ ਇਸ ਤੋਂ ਵੀ ਵੱਧ ਦਾ ਪੈਟਰੋਲ ਇਕੱਠੇ ਭਰਵਾ ਰਹੇ ਹਨ। ਲੋਕਾਂ ਦੀ ਇਹ ਸੋਚ ਹੋਰ ਲੋਕਾਂ ’ਤੇ ਵੀ ਅਸਰ ਪਾ ਰਹੀ ਹੈ ਅਤੇ ਹਰ ਕੋਈ ਵੱਧ ਤੋਂ ਵੱਧ ਪੈਟਰੋਲ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਤਰਾਂ ਮੁਤਾਬਕ ਕਈ ਘਰਾਂ ਵਿਚ 3 ਤੋਂ 4 ਵਾਹਨ ਹਨ ਅਤੇ ਲੋਕ ਆਪਣੇ ਹਰ ਵਾਹਨ ਦੀ ਟੈਂਕੀ ਭਰਵਾਉਣ ਲਈ ਪੰਪਾਂ ’ਤੇ ਪਹੁੰਚ ਰਹੇ ਹਨ। ਇਸ ਨਾਲ ਸਪਲਾਈ ਸਿਸਟਮ ’ਤੇ ਬੇਹੱਦ ਦਬਾਅ ਪੈਦਾ ਹੋ ਰਿਹਾ ਹੈ। ਗਾਂਧੀ ਰੋਡ ’ਤੇ ਸਥਿਤ ਪੈਟਰੋਲ ਪੰਪ ਦੁਪਹਿਰ ਕਰੀਬ 3 ਵਜੇ ਪੂਰੀ ਤਰ੍ਹਾਂ ਸੁੱਕ ਗਿਆ। ਉੱਥੇ ਪੈਟਰੋਲ ਅਤੇ ਡੀਜ਼ਲ ਦੋਵੇਂ ਖ਼ਤਮ ਹੋਣ ਕਾਰਨ ਕਰਮਚਾਰੀਆਂ ਨੂੰ ਬੈਰੀਕੇਡ ਲਗਾ ਕੇ ਰਸਤਾ ਬੰਦ ਕਰਨਾ ਪਿਆ। ਪੰਪ ਕਰਮਚਾਰੀ ਭੂਸ਼ਣ ਨੇ ਦੱਸਿਆ ਕਿ ਸਟਾਕ ਖ਼ਤਮ ਹੋਣ ਕਾਰਨ ਪੰਪ ਬੰਦ ਕਰਨਾ ਲਾਜ਼ਮੀ ਸੀ। ਇਸੇ ਤਰ੍ਹਾਂ ਲੁਧਿਆਣਾ ਰੋਡ ’ਤੇ ਸਥਿਤ ਇਕ ਹੋਰ ਪੈਟਰੋਲ ਪੰਪ ’ਤੇ ਵੀ ਪਹਿਲਾਂ ਡੀਜ਼ਲ ਖ਼ਤਮ ਹੋਇਆ ਅਤੇ ਬਾਅਦ ਵਿਚ ਪੈਟਰੋਲ ਦੀ ਵਿਕਰੀ ਵੀ ਰੋਕ ਦਿੱਤੀ ਗਈ, ਜਿਸ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ਾਸਨ ਦੀ ਅਪੀਲ ਅਫ਼ਵਾਹਾਂ ਤੋਂ ਦੂਰ ਰਹੋ
ਇਸ ਸਾਰੇ ਮਾਮਲੇ ‘ਚ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ’ਤੇ ਵਿਸ਼ਵਾਸ ਨਾ ਕਰਨ ਅਤੇ ਬਿਨ੍ਹਾਂ ਲੋੜ ਦੇ ਪੈਟਰੋਲ ਜਾਂ ਡੀਜ਼ਲ ਇਕੱਠਾ ਨਾ ਕਰਨ। ਵਿਸ਼ੇਸ਼ਗਿਆਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਕਾਰਨ ਬਿਨ੍ਹਾਂ ਕਾਰਨ ਘਬਰਾਹਟ ਪੈਦਾ ਹੁੰਦੀ ਹੈ, ਜਿਸ ਨਾਲ ਸਪਲਾਈ ਪ੍ਰਣਾਲੀ ’ਤੇ ਬੇਲੋੜਾ ਦਬਾਅ ਪੈਂਦਾ ਹੈ। ਜੇ ਲੋਕ ਸਿਰਫ਼ ਆਪਣੀ ਲੋੜ ਅਨੁਸਾਰ ਹੀ ਈਧਨ ਖ਼ਰੀਦਣ ਤਾਂ ਹਾਲਾਤ ਆਸਾਨੀ ਨਾਲ ਕਾਬੂ ਵਿਚ ਰਹਿ ਸਕਦੇ ਹਨ। ਸ਼ਹਿਰ ਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਧੀਰਜ ਬਣਾਈ ਰੱਖਣ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਫ਼ਰਾ ਤਫ਼ਰੀ ਤੋਂ ਬਚਿਆ ਜਾ ਸਕੇ।