- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਵਿਚ ਆਪ ਮੁਹਾਰੇ ਜੁੜਦਾ ਇਕੱਠ ਹੁਣ ਦਰਸਾਉਣ ਲੱਗਾ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਕਿਉਂਕਿ ਆਪ ਸਰਕਾਰ ਤੋਂ ਅੱਕੇ ਹੋਏ ਲੋਕ ਹੁਣ ਫਿਰ ਤੋਂ ਆਪਣੀ ਖੇਤਰੀ ਪਾਰਟੀ ਦੀ ਸਰਕਾਰ ਲਿਆਉਣਗੇ ਅਤੇ ਸੁਖਬੀਰ ਸਿੰਘ ਬਾਦਲ ਲੋਕਾਂ ਨਾਲ ਜੋ ਵਾਅਦੇ ਕਰ ਰਹੇ ਹਨ ਉਹ ਪਹਿਲ ਦੇ ਆਧਾਰ ’ਤੇ ਪੂਰੇ ਕਰਨ ਦੇ ਨਾਲ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਹਰ ਵਰਗ ਲਈ ਸ਼ੁਰੂ ਕੀਤੀਆਂ ਸਕੀਮਾਂ ਆਪ ਸਰਕਾਰ ਨੇ ਬੰਦ ਕਰ ਦਿੱਤੀਆਂ ਸਨ, ਉਹ ਮੁੜ ਤੋਂ ਚਾਲੂ ਕਰਕੇ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਤੱਕ ਸੂਬੇ ਦਾ ਜੋ ਵੀ ਵਿਕਾਸ ਹੋਇਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦਿਆਂ ਹਰੇਕ ਵਰਗ ਖੁਸ ਸੀ ਅਤੇ ਲੋਕਾਂ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਕਦੇ ਵੀ ਨੌਬਤ ਨਹੀਂ ਸੀ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਨੂੰ ਸਾਇਦ ਇਹ ਨਹੀਂ ਪਤਾ ਕਿ ਸਾਲ 1976 ਵਿਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਹਰ ਖੇਤ ਤੱਕ ਪੱਕੇ ਖਾਲ ਬਣਾਕੇ ਦਿੱਤੇ ਸਨ ਜੋ ਅੱਜ ਵੀ ਪ੍ਰਤੱਖ ਪ੍ਰਮਾਣ ਹਨ। ਇਸ ਤੋਂ ਇਲਾਵਾ ਕਿਸਾਨਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕਰਨ ਵਾਲੀ ਵੀ ਸੂਬੇ ਦੀ ਪਹਿਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਲੋੜਵੰਦ ਲੋਕਾਂ ਨੂੰ 250 ਯੂਨਿਟ ਬਿਜਲੀ ਦੇ ਬਿੱਲ ਮੁਆਫ ਕੀਤੇ। ਸੂਬੇ ਵਿਚ ਰੈਫੇਨਰੀ ਵਰਗੇ ਵੱਡੇ ਪ੍ਰੋਜੈਕਟ ਲਗਾਏ ਗਏ। ਸੜਕਾਂ ਦੇ ਜਾਲ ਵਿਛਾਏ ਗਏ । ਸਿੱਖ ਮਰਜੀਵੜਿਆਂ ਦੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਬਣਦੀਆਂ ਰਹਿਣਗੀਆਂ। ਆਪਣੀ ਸਰਕਾਰ ਹੁੰਦਿਆਂ ਸੂਬੇ ਵਿੱਚ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ। ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕਬੱਡੀ ਦੇ ਕੌਮਾਂਤਰੀ ਪੱਧਰ ਦੇ ਮੈਚ ਸ਼ੁਰੂ ਕੀਤੇ । ਸਕੂਲਾਂ ਵਿੱਚ ਪੜਨ ਵਾਲੀਆਂ ਬੱਚੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲ ਦਿੱਤੇ ਗਏ। ਲੋੜਵੰਦ ਲੜਕੀਆਂ ਦੀਆਂ ਸ਼ਾਦੀਆਂ ਤੇ ਇਕਵੰਜਾ ਹਜ਼ਾਰ ਸਗਨ ਸਕੀਮ ਸ਼ੁਰੂ ਕੀਤੀ ਗਈ ਪਰ ਦੂਸਰੀਆਂ ਸਰਕਾਰਾਂ ਸਿਰਫ ਆਪਣੇ ਮੁਫਾਦਾਂ ਲਈ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਤ ਰਹੀਆਂ ਅਤੇ ਆਪ ਸਰਕਾਰ ਦੇ ਰਾਜ ਅੰਦਰ ਹੁਣ ਆਪਣੇ ਹੱਕ ਮੰਗਦੇ ਲੋਕਾਂ ਤੇ ਤਸੱਦਦ ਕੀਤਾ ਜਾ ਰਿਹਾ ਹੈ। ਸੂਬੇ ਦੀ ਸਥਿਤੀ ਆਰਥਿਕ ਪੱਖੋਂ ਪੂਰੀ ਤਰ੍ਹਾਂ ਡਾਵਾਂਡੋਲ ਹੈ। ਅਮਨ ਕਾਨੂੰਨ ਦੀ ਸਥਿਤੀ ਵੀ ਰੱਬ ਆਸਰੇ ਹੈ। ਲੋਕ ਹੋ ਰਹੀਆਂ ਲੁੱਟਾਂ ਖੋਹਾਂ, ਫ਼ਿਰੌਤੀਆਂ ਤੋਂ ਅੱਕੇ ਡਰ ਦੇ ਮਹੌਲ ਵਿਚ ਜੀਅ ਰਹੇ ਹਨ। ਇਸ ਲਈ ਸੂਬੇ ਦੇ ਲੋਕ ਆਪ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ ਇਸ ਮੌਕੇ ’ਤੇ ਰਵਦੀਪ ਸਿੰਘ ਸੰਘਾ ਦਾਰਾਪੁਰ ਸਰਕਲ ਪ੍ਰਧਾਨ ਦੌਲਤਪੁਰਾ, ਸੀਨੀਅਰ ਆਗੂ ਬੂਟਾ ਸਿੰਘ ਦੌਲਤਪੁਰਾ ਪੀਏਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜਸਵੀਰ ਸਿੰਘ ਸੋਨਾ ਹਲਕਾ ਯੂਥ ਪ੍ਰਧਾਨ ਦਿਹਾਤੀ, ਪਰਮਜੀਤ ਸਿੰਘ ਖਖਰਾਣਾ ਸਰਕਲ ਪ੍ਰਧਾਨ ਐਸ.ਸੀ ਵਿੰਗ, ਸੁਖਦੇਵ ਸਿੰਘ ਨੰਬਰਦਾਰ, ਗੁਰਚਰਨ ਸਿੰਘ ਸੋਸਣ, ਬਲਜਿੰਦਰ ਸਿੰਘ ਸਾਬਕਾ ਸਰਪੰਚ ਥੰਮਣ ਵਾਲਾ, ਹਰਜਿੰਦਰ ਸਿੰਘ ਅੰਟੂ ਚੋਟੀਆਂ ਖੁਰਦ ਅਤੇ ਗੁਰਵੀਰ ਸਿੰਘ ਦੁੱਨੇਕੇ ਆਦਿ ਹਾਜ਼ਰ ਸਨ।