- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਮੋਗਾ ਰਾਇਲ ਵੱਲੋਂ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਅੱਗੇ ਵਧਾਉਂਦਿਆਂ ਅਕਾਲਸਰ ਰੋਡ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ 6 ਪੱਖੇ ਭੇਟ ਕੀਤੇ ਗਏ। ਕਲੱਬ ਵੱਲੋਂ ਕੀਤੇ ਇਸ ਸੇਵਾ ਕਾਰਜ ਦਾ ਮੁੱਖ ਉਦੇਸ਼ ਗਰਮੀ ਦੇ ਮੌਸਮ ਦੌਰਾਨ ਸਕੂਲ ’ਚ ਪੜ੍ਹ ਰਹੇ ਬੱਚਿਆਂ ਨੂੰ ਸੁਖਾਵਾਂ ਅਤੇ ਸਹੂਲਤ ਭਰਿਆ ਵਾਤਾਵਰਨ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਅਮੋਲ ਸੂਦ ਦੀ ਅਗਵਾਈ ਹੇਠ ਕਲੱਬ ਦੇ ਮੈਂਬਰ ਵਿਜੈ ਅਰੋੜਾ, ਪੁਰਸ਼ੋਤਮ ਸ਼ਰਮਾ, ਆਸ਼ੀਸ਼ ਅਗਰਵਾਲ, ਵਿਸ਼ਾਲ ਸਿੰਗਲਾ, ਵਿਨੀਤ ਬਾਂਸਲ ਅਤੇ ਵਿਨੋਦ ਕੁਮਾਰ ਸਕੂਲ ਵਿਖੇ ਪਹੁੰਚੇ। ਇਸ ਦੌਰਾਨ ਕਲੱਬ ਵੱਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਵਿਦਿਆਰਥੀਆਂ ਦੀ ਸਹੂਲਤ ਲਈ 6 ਪੱਖੇ ਭੇਟ ਕੀਤੇ ਗਏ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਵਿਜੈ ਅਰੋੜਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਵਿਚ ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਸਮਾਜਿਕ ਸੰਸਥਾਵਾਂ ਅਤੇ ਸਮਰੱਥ ਲੋਕਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਛੋਟੇ-ਛੋਟੇ ਸਹਿਯੋਗ ਵੀ ਵਿਦਿਆਰਥੀਆਂ ਲਈ ਵੱਡੀ ਸਹੂਲਤ ਬਣ ਸਕਦੇ ਹਨ ਅਤੇ ਇਸ ਦਾ ਸਿੱਧਾ ਲਾਭ ਬੱਚਿਆਂ ਦੀ ਪੜ੍ਹਾਈ ’ਤੇ ਪੈਂਦਾ ਹੈ। ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਅਮੋਲ ਸੂਦ ਨੇ ਕਿਹਾ ਕਿ ਕਲੱਬ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ ਹਮੇਸ਼ਾ ਤਰਜੀਹ ਦਿੱਤੀ ਜਾਂਦੀ ਹੈ। ਕਲੱਬ ਵੱਲੋਂ ਸਮੇਂ-ਸਮੇਂ ’ਤੇ ਲੋੜਵੰਦ ਲੋਕਾਂ, ਸਰਕਾਰੀ ਸੰਸਥਾਵਾਂ, ਸਕੂਲਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਦੀ ਲੋੜ ਅਨੁਸਾਰ ਸਹਾਇਤਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ ਸਹਿਯੋਗ ਬੱਚਿਆਂ ਦੇ ਉੱਜਵਲ ਭਵਿੱਖ ਲਈ ਮਹੱਤਵਪੂਰਨ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਰੋਟਰੀ ਕਲੱਬ ਮੋਗਾ ਰਾਇਲ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਭੇਟ ਕੀਤੇ ਗਏ 6 ਪੱਖਿਆਂ ਨਾਲ ਗਰਮੀ ਦੇ ਮੌਸਮ ਵਿਚ ਵਿਦਿਆਰਥੀਆਂ ਨੂੰ ਕਾਫ਼ੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜਿਕ ਸਹਿਯੋਗ ਨਾਲ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਲਈ ਸਹੂਲਤਾਂ ’ਚ ਵਾਧਾ ਹੁੰਦਾ ਹੈ ਅਤੇ ਪੜ੍ਹਾਈ ਲਈ ਵਧੀਆ ਮਾਹੌਲ ਤਿਆਰ ਕਰਨ ਵਿੱਚ ਮਦਦ ਮਿਲਦੀ ਹੈ।