- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਾ ਦੀ ਆਪਣੀ ਪਰੰਪਰਾ

ਸਵਰਨ ਗੁਲਾਟੀ ਪੰਜਾਬੀ ਜਾਗਰਣ ਮੋਗਾ : ਸਮਾਜ ਸੇਵਾ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਰੋਟਰੀ ਕਲੱਬ ਆਫ ਮੋਗਾ ਸਿਟੀ ਨੇ ਰੋਟੇਰੀਅਨ ਦਿਨੇਸ਼ ਜਿੰਦਲ ਦੀ ਮਾਤਾ ਦੇ 80ਵੇਂ ਜਨਮ ਦਿਨ ਨੂੰ ਮਨਾਉਣ ਲਈ ਬੇਦੀ ਨਗਰ ਸਥਿਤ ਸ਼ਿਵ ਕ੍ਰਿਪਾ ਬਿਰਧ ਆਸ਼ਰਮ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ। ਕਲੱਬ ਮੈਂਬਰਾਂ ਨੇ ਬਜ਼ੁਰਗ ਨਿਵਾਸੀਆਂ ਨੂੰ ਸਤਿਕਾਰ ਨਾਲ ਭੋਜਨ ਦਿੱਤਾ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਲਈ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ। ਸਮਾਗਮ ਦੌਰਾਨ, ਕਲੱਬ ਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਅਤੇ ਖਜ਼ਾਨਚੀ ਵਿਨੋਦ ਗਰਗ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਰੋਟਰੀ ਕਲੱਬ ਮੋਗਾ ਸਿਟੀ ਪਿਛਲੇ 25 ਸਾਲਾਂ ਤੋਂ ਸ਼ਹਿਰ ਵਿਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਲਗਾਤਾਰ ਯੋਗਦਾਨ ਪਾ ਰਿਹਾ ਹੈ। ਚੇਅਰਮੈਨ ਵਿਜੇ ਮਦਾਨ ਨੇ ਕਿਹਾ ਕਿ ਕਲੱਬ ਹਰ ਮਹੀਨੇ ਬਿਰਧ ਆਸ਼ਰਮ ਦਾ ਦੌਰਾ ਕਰਕੇ ਭੋਜਨ ਮੁਹੱਈਆ ਕਰਵਾਉਂਦਾ ਹੈ ਅਤੇ ਉਨ੍ਹਾਂ ਦੀ ਤੰਦਰੁਸਤੀ ਬਾਰੇ ਪੁੱਛਦਾ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਸਮਾਜ ਵਿਚ ਇਕੱਲੇ ਨਹੀਂ ਹਨ, ਸਗੋਂ ਰੋਟਰੀ ਕਲੱਬ ਦਾ ਹਰ ਮੈਂਬਰ ਹਰ ਸਥਿਤੀ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਆਸ਼ਰਮ ਵਿਚ ਬਜ਼ੁਰਗਾਂ ਦੇ ਚਿਹਰੇ ਰੋਟਰੀ ਕਲੱਬ ਦੀ ਇਸ ਨਿਰਸਵਾਰਥ ਸੇਵਾ ਅਤੇ ਨਿੱਘ ਨਾਲ ਚਮਕ ਉੱਠੇ। ਉਨ੍ਹਾਂ ਕਲੱਬ ਦੇ ਸਾਰੇ ਮੈਂਬਰਾਂ ਤੇ ਆਪਣਾ ਪਿਆਰ ਅਤੇ ਅਸ਼ੀਰਵਾਦ ਵਰ੍ਹਾਇਆ। ਆਸ਼ਰਮ ਦੇ ਸੇਵਾਦਾਰ ਬਿੱਟੂ ਕਾਲੜਾ ਨੇ ਦੱਸਿਆ ਕਿ ਆਸ਼ਰਮ ਵਿਚ ਲਗਭਗ 35 ਬਜ਼ੁਰਗ ਰਹਿ ਰਹੇ ਹਨ, ਜਿਨ੍ਹਾਂ ਦੀ ਦੇਖਭਾਲ ਸ਼ਹਿਰ ਵਾਸੀਆਂ ਦੀ ਮਦਦ ਨਾਲ ਬਿਨ੍ਹਾਂ ਕਿਸੇ ਸਰਕਾਰੀ ਖਰਚੇ ਦੇ ਕੀਤੀ ਜਾਂਦੀ ਹੈ। ਉਨ੍ਹਾਂ ਕਲੱਬ ਵੱਲੋਂ ਹਰ ਮਹੀਨੇ ਦਿੱਤੇ ਜਾਣ ਵਾਲੇ ਸਹਿਯੋਗ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਰੋਟੇਰੀਅਨ ਦਿਨੇਸ਼ ਜਿੰਦਲ ਦੀ ਮਾਤਾ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ ਅਤੇ ਉਨਹਾਂ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।