- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵਾ ਦੀ ਆਪਣੀ ਪਰੰਪਰਾ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਸਮਾਜ ਸੇਵਾ ਦੀ ਆਪਣੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਰੋਟਰੀ ਕਲੱਬ ਮੋਗਾ ਸਿਟੀ ਵੱਲੋਂ ਬੇਦੀ ਨਗਰ ਸਥਿਤ ਸ਼ਿਵ ਕ੍ਰਿਪਾ ਬਜ਼ੁਰਗ ਆਸ਼ਰਮ ਵਿਖੇ ਵਿਸ਼ੇਸ਼ ਸੇਵਾ ਸਮਾਗਮ ਕਰਵਾਇਆ ਗਿਆ। ਰੋਟੇਰੀਅਨ ਰਜਿੰਦਰ ਸਚਦੇਵਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ ਕਲੱਬ ਦੇ ਮੈਂਬਰਾਂ ਨੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਨੂੰ ਸਨਮਾਨ ਸਹਿਤ ਭੋਜਨ ਕਰਵਾਇਆ ਅਤੇ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਨਾਲ ਸਬੰਧਤ ਜ਼ਰੂਰੀ ਸਮਾਨ ਵੀ ਮੁਹੱਈਆ ਕਰਵਾਇਆ। ਇਸ ਮੌਕੇ ਕਲੱਬ ਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਅਤੇ ਕੈਸ਼ੀਅਰ ਵਿਨੋਦ ਗਰਗ ਨੇ ਸਾਂਝੇ ਤੌਰ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰੋਟਰੀ ਕਲੱਬ ਮੋਗਾ ਸਿਟੀ ਪਿਛਲੇ 25 ਸਾਲਾਂ ਤੋਂ ਸ਼ਹਿਰ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿਚ ਲਗਾਤਾਰ ਆਪਣਾ ਯੋਗਦਾਨ ਪਾ ਰਿਹਾ ਹੈ। ਚੇਅਰਮੈਨ ਵਿਜੇ ਮਦਾਨ ਨੇ ਕਿਹਾ ਕਿ ਕਲੱਬ ਵੱਲੋਂ ਹਰ ਮਹੀਨੇ ਇਸ ਬਜ਼ੁਰਗ ਆਸ਼ਰਮ ਵਿਚ ਪਹੁੰਚ ਕੇ ਬਜ਼ੁਰਗਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਹਾਲ-ਚਾਲ ਵੀ ਪੁੱਛਿਆ ਜਾਂਦਾ ਹੈ। ਇਸ ਉਪਰਾਲੇ ਦਾ ਮੁੱਖ ਮਕਸਦ ਬਜ਼ੁਰਗਾਂ ਨਾਲ ਕੁਝ ਸਮਾਂ ਬਿਤਾ ਕੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਸਮਾਜ ਵਿੱਚ ਇਕੱਲੇ ਨਹੀਂ ਹਨ। ਰੋਟਰੀ ਕਲੱਬ ਦਾ ਹਰ ਮੈਂਬਰ ਹਰ ਸਥਿਤੀ ਵਿਚ ਉਨ੍ਹਾਂ ਦੇ ਨਾਲ ਖੜ੍ਹਾ ਹੈ। ਰੋਟਰੀ ਕਲੱਬ ਵੱਲੋਂ ਕੀਤੀ ਜਾ ਰਹੀ ਇਸ ਨਿਸ਼ਕਾਮ ਸੇਵਾ ਅਤੇ ਆਪਣੇਪਣ ਦੀ ਭਾਵਨਾ ਨਾਲ ਆਸ਼ਰਮ ਵਿਚ ਰਹਿੰਦੇ ਬਜ਼ੁਰਗਾਂ ਦੇ ਚਿਹਰੇ ਖਿੜ੍ਹ ਉੱਠੇ। ਬਜ਼ੁਰਗਾਂ ਨੇ ਕਲੱਬ ਦੇ ਸਮੂਹ ਮੈਂਬਰਾਂ ਨੂੰ ਆਪਣਾ ਪਿਆਰ, ਸਨੇਹ ਅਤੇ ਆਸ਼ੀਰਵਾਦ ਦਿੱਤਾ। ਆਸ਼ਰਮ ਦੇ ਸੇਵਾਦਾਰ ਬਿੱਟੂ ਕਾਲੜਾ ਨੇ ਦੱਸਿਆ ਕਿ ਆਸ਼ਰਮ ਵਿੱਚ ਕਰੀਬ 35 ਬਜ਼ੁਰਗ ਰਹਿ ਰਹੇ ਹਨ, ਜਿਨ੍ਹਾਂ ਦੀ ਦੇਖਭਾਲ ਬਿਨ੍ਹਾਂ ਕਿਸੇ ਸਰਕਾਰੀ ਖਰਚੇ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਰੋਟਰੀ ਕਲੱਬ ਵੱਲੋਂ ਹਰ ਮਹੀਨੇ ਦਿੱਤੇ ਜਾ ਰਹੇ ਸਹਿਯੋਗ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।