ਸੁਨਿਆਰੇ ਦੀ ਦੁਕਾਨ ’ਤੇ ਲੁੱਟ ਦੀ ਘਟਨਾ ਦਾ ਪਰਦਾਫਾਸ਼, 3 ਕਾਬੂ ਜ਼ਿਲ੍ਹਾ ਮੋਗਾ ਦੇ ਲੁਧਿਆਣਾ ਹਾਈਵੇ ’ਤੇ
Publish Date: Tue, 28 Jul 2026 06:39 PM (IST)
Updated Date: Wed, 29 Jul 2026 04:10 AM (IST)
ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ : ਜ਼ਿਲ੍ਹਾ ਮੋਗਾ ਦੇ ਲੁਧਿਆਣਾ ਹਾਈਵੇ ’ਤੇ ਪੈਂਦੇ ਕਸਬਾ ਅਜੀਤਵਾਲ ਵਿਖੇ ਬੀਤੀ 21 ਜੁਲਾਈ ਨੂੰ ਕਾਰ ਸਵਾਰ ਤਿੰਨ ਲੁਟੇਰੇ ਇਕ ਸੁਨਿਆਰੇ ਦੀ ਦੁਕਾਨ ਤੋਂ ਚਾਂਦੀ ਦੇ ਗਹਿਣੇ ਲੁੱਟਕੇ ਲੈ ਗਏ ਸਨ। ਪੁਲਿਸ ਨੇ ਉਸ ਸਮੇਂ ਦੁਕਾਨ ਮਾਲਿਕ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਸਨ। ਪੁਲਿਸ ਨੇ ਇਸ ਘਟਨਾ ਦਾ ਪਰਦਾਫਾਸ਼ ਕਰਦਿਆਂ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਲੁੱਟ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦੇਦੇ ਹੋਏ, ਡੀਐੱਸਪੀ ਅਨਵਰ ਅਲੀ ਨੇ ਦੱਸਿਆ ਕਿ ਬੀਤੀ 21 ਜੁਲਾਈ ਨੂੰ ਕਸਬਾ ਅਜੀਤਵਾਲ ਮਾਰਕੀਟ ਵਿਖੇ ਕਾਰ ਸਵਾਰ ਤਿੰਨ ਲੁਟੇਰਿਆਂ ਨੇ ਇਕ ਸੁਨਿਆਰੇ ਦੀ ਦੁਕਾਨ ’ਤੇ ਹਥਿਆਰਾਂ ਦੇ ਬਲ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਚਾਂਦੀ ਦੇ ਗਹਿਣੇ ਲੁੱਟਕੇ ਲੈ ਗਏ ਸੀ। ਇਸ ਸਬੰਧੀ ਦੁਕਾਨ ਮਾਲਿਕ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਕੱਦਮਾ ਨੰਬਰ 127 ਮਿਤੀ 21.07.2026 ਅਧੀਨਧਾਰਾ 309 (4), 5, 351,1 ਬੀਐੱਨਐੱਸ ਦੇ ਅਧਾਰ ’ਤੇ ਤਿੰਨ ਅਣਪਛਾਤਿਆਂ ਖ਼ਿਲਾਫ਼ ਥਾਣਾ ਅਜੀਤਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਇੰਸਪੈਕਟਰ ਰਾਜ ਸਿੰਘ ਮੁੱਖ ਅਫ਼ਸਰ ਥਾਣਾ ਅਜੀਤਵਾਲ ਅਤੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼, ਤਕਨੀਕੀ ਸਬੂਤਾਂ ਅਤੇ ਹੋਰ ਸੂਚਨਾਵਾਂ ਦੇ ਅਧਾਰ ’ਤੇ ਅਰੋਪੀਆਂ ਨੂੰ ਟਰੇਸ ਕਰਕੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਅਰੋਪੀ ਦੀ ਪਹਿਚਾਣ ਸੁਖਦੀਪ ਸਿੰਘ ਉਰਫ਼ ਸੁੱਖਾ,ਹਰਦੀਪ ਸਿੰਘ ਉਰਫ਼ ਹੈਪੀ, ਪਵਿੱਤਰ ਸਿੰਘ ਉਰਫ ਲੱਲੂ ਵਾਸੀਆਨ ਰਾਮੂਵਾਲਾ ਨਵਾਂ ਦੇ ਰੂਪ ਵਿਚ ਦੱਸੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਅਰੋਪੀਆਂ ਪਾਸੋਂ ਲੁੱਟੀ ਗਈ ਚਾਂਦੀ ਕਰੀਬ ਡੇਢ ਕਿੱਲੋ, ਵਾਰਦਾਤ ਵਿਚ ਵਰਤੀ ਕਾਰ, ਇਕ ਨਜਾਇਜ਼ ਦੇਸੀ ਪਿਸਤੋਲ, ਇਕ ਕਾਪਾ ਅਤੇ ਇਕ ਕ੍ਰਿਪਾਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਅਰੋਪੀਆ ਦਾ ਪਿਛਲਾ ਰਿਕਾਰਡ ਪਤਾ ਕਰਨ ’ਤੇ ਇੰਨ੍ਹਾਂ ਖ਼ਿਲਾਫ਼ ਪਹਿਲਾ ਕੋਈ ਮਾਮਲਾ ਦਰਜ ਨਹੀ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਅਰੋਪੀਆਂ ਵਿਚ ਇਕ ਅਰੋਪੀ ਸੁਖਦੀਪ ਸਿੰਘ ਜੋਕਿ ਫੌਜ ਵਿਚ ਨੌਕਰੀ ਕਰਦਾ ਹੈ ਤੇ ਉਸ ਇਸ ਸਮੇਂ ਕਲਕੱਤਾ ਵਿਖੇ ਤਾਇਨਾਤ ਹੈ ਅਤੇ ਹੁਣ ਉਹ ਛੁੱਟੀ ’ਤੇ ਪਿੰਡ ਆਇਆ ਹੋਇਆ ਸੀ।