
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਕਾਰਜਾਂ ’ਚ ਮੋਹਰੀ ਰਾਈਸ ਬ੍ਰਾਨ ਡੀਲਰਜ਼ ਐਸੋਸੀਏਸ਼ਨ ਰਜਿ: ਨੰ. 127 ਵੱਲੋਂ ਐਤਵਾਰ ਰਾਤ ਗ੍ਰੀਨ ਫੀਲਡ ਕਾਲੋਨੀ ਵਿਖੇ ਐਸੋਸੀਏਸ਼ਨ ਦੇ ਮੈਂਬਰ ਅਮਿਤ ਮਿੱਤਲ ਦੇ ਨਿਵਾਸ ਸਥਾਨ ’ਤੇ ਝੰਡਾ ਪੂਜਨ ਅਤੇ ਮਾਤਾ ਦੀ ਚੌਕੀ ਕਰਵਾਈ ਗਈ। ਸਮਾਗਮ ਦੌਰਾਨ ਪੰਡਤ ਆਚਾਰਿਆ ਨੰਦ ਲਾਲ ਸ਼ਰਮਾ ਦੀ ਅਗਵਾਈ ਹੇਠ ਅਮਿਤ ਮਿੱਤਲ ਨੇ ਪਰਿਵਾਰ ਸਮੇਤ ਨਵਗ੍ਰਹਿ ਪੂਜਨ ਕੀਤਾ। ਇਸ ਉਪਰੰਤ ਜਵਾਲਾ ਜੀ ਧਾਮ ਤੋਂ ਲਿਆਂਦੀ ਪਾਵਨ ਜੋਤ ਦੇ ਸਾਹਮਣੇ ਵਿਧੀਵਤ ਢੰਗ ਨਾਲ ਝੰਡਾ ਪੂਜਨ ਕੀਤਾ ਗਿਆ। ਮਾਤਾ ਦੀ ਚੌਂਕੀ ਦਾ ਆਗਾਜ਼ ਭਜਨ ਗਾਇਕ ਪ੍ਰੇਮ ਨਗੀਨਾ ਜਲੰਧਰ ਵਾਲੇ ਅਤੇ ਆਕਾਸ਼ ਵਰਮਾ ਜਲੰਧਰ ਵਾਲਿਆਂ ਨੇ ਮਾਂ ਭਗਵਤੀ ਦੀਆਂ ਭੇਟਾਂ ਨਾਲ ਕੀਤਾ। ਭਜਨ ਗਾਇਕਾਂ ਨੇ ਵੱਖ-ਵੱਖ ਧਾਰਮਿਕ ਭੇਟਾਂ ਰਾਹੀਂ ਦੇਰ ਰਾਤ ਤੱਕ ਭਗਤੀ ਰਸ ਬਿਖੇਰਿਆ ਅਤੇ ਸੰਗਤ ਨੂੰ ਮੰਤਰਮੁਗਧ ਕੀਤਾ। ਇਸ ਦੌਰਾਨ ਹਾਜ਼ਰ ਸ਼ਰਧਾਲੂਆਂ ਨੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗੋਇਲ ਅਤੇ ਕ੍ਰਿਸ਼ਨ ਤਾਇਲ ਨੇ ਦੱਸਿਆ ਕਿ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਵਿਚ ਭਜਨ ਸਮਰਾਟ ਮਨੀ ਲਾਡਲਾ ਅਤੇ ਪ੍ਰਸਿੱਧ ਭਜਨ ਗਾਇਕਾ ਅੰਜਲੀ ਦਿਵੇਦੀ ਮਾਂ ਭਗਵਤੀ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ ਜਾਗਰਣ ਲਈ ਪੂਰੇ ਮੰਡੀ ਪਰਿਸਰ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਜਾਵੇਗਾ ਅਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਮਾਂ ਜਵਾਲਾ ਜੀ ਧਾਮ ਤੋਂ ਪਾਵਨ ਜੋਤ ਲਿਆਂਦੀ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ 29 ਅਗਸਤ ਨੂੰ ਪਰਿਵਾਰ ਸਮੇਤ ਪੁਰਾਣੀ ਦਾਣਾ ਮੰਡੀ ਪਹੁੰਚ ਕੇ ਮਾਂ ਭਗਵਤੀ ਦੇ ਭਜਨਾਂ ਦਾ ਆਨੰਦ ਮਾਣਨ ਅਤੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸਕੱਤਰ ਰਮਨ ਬੱਬਰ, ਖਜ਼ਾਨਚੀ ਦਿਨੇਸ਼ ਜਿੰਦਲ, ਕ੍ਰਿਸ਼ਨ ਤਾਇਲ, ਰਮਨ ਮੱਕੜ, ਵੇਦ ਗਰਗ, ਮਹੇਸ਼ ਗੋਇਲ, ਪ੍ਰੇਮ ਜਿੰਦਲ, ਪੁਨੀਤ ਜਿੰਦਲ, ਪਰਵੀਨ ਗੋਇਲ, ਮੰਗਤ ਰਾਏ ਬਾਂਸਲ, ਗਗਨਦੀਪ ਮਿੱਤਲ, ਆਨੰਦ ਜੈਨ, ਅਮਿਤ ਮਿੱਤਲ, ਜਤਿਨ ਗੋਇਲ, ਸ਼ੈਂਕੀ ਤਾਇਲ, ਰੋਹਿਤ ਜਿੰਦਲ, ਵਿਜਯੰਤ ਗੁਪਤਾ, ਸੁਮੇਸ਼ ਮਿੱਤਲ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।