
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਵੱਲੋਂ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਏ ਜਾ ਰਹੇ 30ਵੇਂ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗੋਇਲ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਾਗਰਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਦੇ ਨਾਲ-ਨਾਲ ਵੱਖ-ਵੱਖ ਪ੍ਰਬੰਧਾਂ ਅਤੇ ਮੈਂਬਰਾਂ ਨੂੰ ਸੌਂਪੀਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਜਗਦੀਸ਼ ਮਿੱਤਲ, ਮੋਹਨ ਲਾਲ ਗੋਇਲ, ਰਾਕੇਸ਼ ਗੋਇਲ ਅਤੇ ਪ੍ਰਦੀਪ ਕਾਕਾ ਨੇ ਸਾਂਝੇ ਤੌਰ ’ਤੇ ਕੀਤੀ, ਜਦਕਿ ਟੀਮ ਦੀ ਅਗਵਾਈ ਸਟਾਰ ਪ੍ਰਚਾਰਕ ਰਾਕੇਸ਼ ਸਿਤਾਰਾ ਨੇ ਕੀਤੀ। ਮੀਟਿੰਗ ਦੌਰਾਨ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਜਾਗਰਣ ਨੂੰ ਸਫਲ ਬਣਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਬਾਕੀ ਰਹਿੰਦੇ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਜ਼ਿੰਮੇਵਾਰੀਆਂ ਤੈਅ ਕੀਤੀਆਂ। ਇਸ ਮੌਕੇ ਅਹੁਦੇਦਾਰਾਂ ਨੇ ਦੱਸਿਆ ਕਿ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ’ਚ ਕਰਵਾਏ ਜਾਣ ਵਾਲੇ ਇਸ ਵਿਸ਼ਾਲ ਭਗਵਤੀ ਜਾਗਰਣ ’ਚ ਭਜਨ ਸਮਰਾਟ ਮਨੀ ਲਾਡਲਾ ਅਤੇ ਪ੍ਰਸਿੱਧ ਭਜਨ ਗਾਇਕਾ ਅੰਜਲੀ ਦਿਵੇਦੀ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਦੋਵੇਂ ਕਲਾਕਾਰ ਆਪਣੀ ਮਿੱਠੀ ਆਵਾਜ਼ ਰਾਹੀਂ ਮਾਂ ਭਗਵਤੀ ਦੇ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ’ਚ ਸਰਾਬੋਰ ਕਰਨਗੇ। ਅਹੁਦੇਦਾਰਾਂ ਨੇ ਦੱਸਿਆ ਕਿ ਜਾਗਰਣ ਨੂੰ ਲੈ ਕੇ ਸੰਸਥਾ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਹਿਮਾਚਲ ਪ੍ਰਦੇਸ਼ ਤੋਂ ਮਾਂ ਭਗਵਤੀ ਦੀ ਪਾਵਨ ਜੋਤ ਜਾਗਰਣ ਤੋਂ ਸੱਤ ਦਿਨ ਪਹਿਲਾਂ ਅਮਿਤ ਮਿੱਤਲ ਦੇ ਨਿਵਾਸ ਸਥਾਨ ’ਤੇ ਲਿਆਂਦੀ ਜਾਵੇਗੀ, ਜਿੱਥੇ ਵਿਧੀਵਤ ਝੰਡਾ ਪੂਜਨ ਕੀਤਾ ਜਾਵੇਗਾ। ਇਸ ਤੋਂ ਬਾਅਦ ਧਾਰਮਿਕ ਪਰੰਪਰਾਵਾਂ ਅਨੁਸਾਰ ਜਾਗਰਣ ਨਾਲ ਸਬੰਧਤ ਪ੍ਰੋਗਰਾਮਾਂ ਨੂੰ ਅੱਗੇ ਵਧਾਇਆ ਜਾਵੇਗਾ। ਮੀਟਿੰਗ ਦੌਰਾਨ ਜਾਗਰਣ ਸਥਲ ਦੇ ਪ੍ਰਬੰਧ, ਸ਼ਰਧਾਲੂਆਂ ਦੇ ਬੈਠਣ, ਸੇਵਾ ਕਾਰਜਾਂ, ਪ੍ਰਚਾਰ-ਪ੍ਰਸਾਰ ਸਮੇਤ ਵੱਖ-ਵੱਖ ਪ੍ਰਬੰਧਾਂ ’ਤੇ ਚਰਚਾ ਕੀਤੀ ਗਈ। ਸੰਸਥਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਾਗਰਣ ਨੂੰ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਉਣ ਲਈ ਸਾਰੇ ਮੈਂਬਰ ਮਿਲ ਕੇ ਕੰਮ ਕਰ ਰਹੇ ਹਨ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ 29 ਅਗਸਤ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਪਹੁੰਚ ਕੇ ਮਾਂ ਭਗਵਤੀ ਦੇ ਭਜਨਾਂ ਦਾ ਆਨੰਦ ਮਾਣਨ ਅਤੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਸਕੱਤਰ ਰਮਨ ਬੱਬਰ, ਖਜ਼ਾਨਚੀ ਦਿਨੇਸ਼ ਜਿੰਦਲ, ਕ੍ਰਿਸ਼ਨ ਤਾਇਲ, ਗੌਰਵ ਜੈਨ, ਰਮਨ ਮੱਕੜ, ਵੇਦ ਗਰਗ, ਮਹੇਸ਼ ਗੋਇਲ, ਪੁਨੀਤ ਜਿੰਦਲ, ਪਰਵੀਨ ਗੋਇਲ, ਮੰਗਤ ਰਾਏ ਬਾਂਸਲ, ਅਜੇ ਕਥੂਰੀਆ, ਗਗਨਦੀਪ ਮਿੱਤਲ, ਆਨੰਦ ਜੈਨ, ਅਮਿਤ ਮਿੱਤਲ, ਪ੍ਰੇਮ ਜਿੰਦਲ, ਜਤਿਨ ਗੋਇਲ, ਰਿਸ਼ੀ ਗਰਗ, ਸੁਮੇਸ਼ ਮਿੱਤਲ ਅਤੇ ਰੋਹਿਤ ਜਿੰਦਲ ਸਮੇਤ ਐਸੋਸੀਏਸ਼ਨ ਦੇ ਹੋਰ ਮੈਂਬਰ ਹਾਜ਼ਰ ਸਨ।