ਏਡੀਸੀ ਮੋਗਾ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਦੀ ਰਿਵਿਊ ਮੀਟਿੰਗ ਹੋਈ ਏਡੀਸੀ ਮੋਗਾ ਜਸਪਿੰਦਰ ਸਿੰਘ
Publish Date: Wed, 14 Oct 2026 04:47 PM (IST)
Updated Date: Wed, 14 Oct 2026 04:51 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਏਡੀਸੀ ਮੋਗਾ ਜਸਪਿੰਦਰ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਇਕ ਰਿਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਫੂਡ ਸੇਫਟੀ ਟੀਮ ਮੋਗਾ ਨੇ ਜ਼ਿਲ੍ਹੇ ਵਿਚ ਖੁਰਾਕੀ ਵਸਤਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ, ਵੱਖ-ਵੱਖ ਖੁਰਾਕੀ ਅਦਾਰਿਆਂ ਦੀ ਜਾਂਚ, ਸੈਂਪਲਿੰਗ ਅਤੇ ਖੁਰਾਕ ਸੁਰੱਖਿਆ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਮੋਗਾ ਵਿਚ ਚੱਲ ਰਹੀ ਫੂਡ ਸੇਫਟੀ ਆਨ ਵ੍ਹੀਲਜ਼ ਵੈਨ ਦੇ ਕੰਮਕਾਜ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਲਈ ਗਈ। ਇਸ ਵੈਨ ਰਾਹੀਂ ਖੁਰਾਕੀ ਵਸਤਾਂ ਦੀ ਮੌਕੇ ਤੇ ਮੁੱਢਲੀ ਜਾਂਚ ਕਰਕੇ ਲੋਕਾਂ ਅਤੇ ਖੁਰਾਕ ਕਾਰੋਬਾਰੀਆਂ ਨੂੰ ਨਤੀਜਿਆਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਮੀਟਿੰਗ ਦੌਰਾਨ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀਆਂ ਅਤੇ ਹੋਰ ਖੁਰਾਕੀ ਅਦਾਰਿਆਂ ਵਿਚ ਸਫ਼ਾਈ ਅਤੇ ਖੁਰਾਕੀ ਵਸਤਾਂ ਦੀ ਸੁਰੱਖਿਅਤ ਤਿਆਰੀ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ। ਖੁਰਾਕ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਦਾਰਿਆਂ ਵਿੱਚ ਸਾਫ਼-ਸਫ਼ਾਈ ਦਾ ਪੂਰਾ ਧਿਆਨ ਰੱਖਣ, ਖਾਣ-ਪੀਣ ਵਾਲੀਆਂ ਵਸਤਾਂ ਨੂੰ ਅਖ਼ਬਾਰਾਂ ਵਿਚ ਲਪੇਟ ਕੇ ਦੇਣ ਤੋਂ ਗੁਰੇਜ਼ ਕਰਨ ਅਤੇ ਇਸ ਦੀ ਬਜਾਏ ਖੁਰਾਕ ਲਈ ਸੁਰੱਖਿਅਤ ਪੈਕਿੰਗ ਸਮੱਗਰੀ ਦੀ ਵਰਤੋਂ ਕਰਨ। ਡੇਅਰੀਆਂ ਅਤੇ ਮਠਿਆਈਆਂ ਦੇ ਨਿਰਮਾਣ ਨਾਲ ਜੁੜੇ ਖੁਰਾਕ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਨਿੱਜੀ ਸਫ਼ਾਈ ਦਾ ਧਿਆਨ ਰੱਖਣ ਅਤੇ ਉਨ੍ਹਾਂ ਦੇ ਮੈਡੀਕਲ ਫਿਟਨੈੱਸ ਰਿਕਾਰਡ ਨਿਯਮਾਂ ਅਨੁਸਾਰ ਬਣਾਈ ਰੱਖਣ। ਦੁੱਧ, ਦਹੀਂ, ਪਨੀਰ, ਖੋਆ ਅਤੇ ਹੋਰ ਦੁੱਧ ਤੋਂ ਬਣਨ ਵਾਲੀਆਂ ਵਸਤਾਂ ਦੀ ਤਿਆਰੀ ਦੌਰਾਨ ਸਫ਼ਾਈ ਅਤੇ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ। ਮਠਿਆਈਆਂ ਬਣਾਉਣ ਵਾਲੇ ਅਦਾਰਿਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਮਠਿਆਈਆਂ ਉੱਤੇ ਵਰਤੇ ਜਾਣ ਵਾਲੇ ਚਾਂਦੀ ਦੇ ਵਰਕ ਦੀ ਗੁਣਵੱਤਾ ਅਤੇ ਖੁਰਾਕ ਲਈ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਮਿਰਚਾਂ, ਮਸਾਲਿਆਂ ਅਤੇ ਹੋਰ ਕੱਚੇ ਮਾਲ ਦੀ ਖਰੀਦ ਕਰਦੇ ਸਮੇਂ ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਕੀਤੀ ਜਾਵੇ ਅਤੇ ਘਟੀਆ ਜਾਂ ਸ਼ੱਕੀ ਕੱਚੇ ਮਾਲ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ। ਤਿਆਰ ਕੀਤੀਆਂ ਖੁਰਾਕੀ ਵਸਤਾਂ ਨੂੰ ਸਾਫ਼-ਸੁਥਰੇ ਅਤੇ ਢੁਕਵੇਂ ਤਾਪਮਾਨ ਵਾਲੇ ਸਥਾਨਾਂ ਤੇ ਸਟੋਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਧੂੜ, ਕੀੜਿਆਂ ਅਤੇ ਹੋਰ ਗੰਦਗੀ ਤੋਂ ਬਚਾ ਕੇ ਰੱਖਿਆ ਜਾਵੇ। ਏਡੀਸੀ ਮੋਗਾ ਨੇ ਫੂਡ ਸੇਫਟੀ ਟੀਮ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਮਠਿਆਈਆਂ ਦੀਆਂ ਦੁਕਾਨਾਂ, ਡੇਅਰੀਆਂ, ਰੈਸਟੋਰੈਂਟਾਂ ਅਤੇ ਹੋਰ ਖੁਰਾਕੀ ਅਦਾਰਿਆਂ ਦੀ ਜਾਂਚ ਮੁਹਿੰਮ ਹੋਰ ਤੇਜ਼ ਕੀਤੀ ਜਾਵੇ। ਫੂਡ ਸੇਫਟੀ ਵਿਭਾਗ ਨੇ ਖੁਰਾਕ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੁਰਾਕ ਸੁਰੱਖਿਆ ਨੂੰ ਆਪਣੀ ਮੁੱਖ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ।