ਹਰਕੀਰਤ ਕੌਰ ਚਹਿਲ ਦਾ ਅੱਠਵਾਂ ਨਾਵਲ ਨਦੀ ਨਾਵ ਸੰਜੋਗੀ ਰਿਲੀਜ਼ ਕੈਨੇਡਾ ਤੋਂ ਜਸਵੀਰ ਸਿੰਘ ਭਲੂਰੀਆ
Publish Date: Thu, 03 Sep 2026 03:37 PM (IST)
Updated Date: Thu, 03 Sep 2026 03:40 PM (IST)
ਮਨੁੱਖੀ ਰਿਸ਼ਤਿਆਂ ਦੀਆਂ ਮਹੀਨ ਤੰਦਾਂ ਨੂੰ ਨਾਵਲਕਾਰਾ ਨੇ ਖੂਬਸੂਰਤੀ ਨਾਲ ਪੇਸ਼ ਕੀਤਾ ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ: ਕੈਨੇਡਾ ਤੋਂ ਜਸਵੀਰ ਸਿੰਘ ਭਲੂਰੀਆ ਅਤੇ ਡਾ. ਸਾਧੂ ਰਾਮ ਲੰਗੇਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਦਾ ਖੂਬਸੂਰਤ ਸ਼ਹਿਰ ਸਰੀ ਹੁਣ ਕਲਮਕਾਰਾਂ ਅਤੇ ਕਲਾਕਾਰਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਣ ਲੱਗਾ ਹੈ। ਇੱਥੇ ਹਰ ਹਫ਼ਤੇ ਦੇ ਅੰਤ ਤੇ ਸਾਹਿਤਕ, ਸੱਭਿਆਚਾਰਕ ਅਤੇ ਸੰਗੀਤਕ ਸਮਾਗਮ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਬਹੁਤ ਹੀ ਸ਼ਾਨਦਾਰ ਪੁਸਤਕ ਰੀਲੀਜ਼ ਸਮਾਗਮ ਗ੍ਰੈਂਡ ਅਮਪਾਇਰ ਬੈਂਕੁਇਟ ਹਾਲ ਸਰੀ ਵਿਚ ਕਰਵਾਇਆ ਗਿਆ। ਜਿਸ ਵਿਚ ਸਰੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਤੋਂ ਸਾਹਿਤਕ, ਰਾਜਨੀਤਿਕ, ਬੁੱਧੀਜੀਵੀ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ। ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਸੁਪ੍ਰਸਿੱਧ ਨਾਵਲਕਾਰਾ ਹਰਕੀਰਤ ਕੌਰ ਚਹਿਲ ਦਾ ਅੱਠਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’ ਲੋਕ ਅਰਪਣ ਕੀਤਾ ਗਿਆ। ਇਹ ਨਾਵਲ ਸ਼ਾਹਮੁਖੀ ਲਿਪੀ ਵਿਚ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਲੇਖਿਕਾ ਦੇ ਕਈ ਨਾਵਲ ਪਹਿਲਾਂ ਵੀ ਸ਼ਾਹਮੁਖੀ ਲਿਪੀ (ਪਾਕਿਸਤਾਨ) ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਪਾਕਿਸਤਾਨੀ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਵੀ ਮਿਲਿਆ ਹੈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਸੰਚਾਲਕ ਡਾ. ਰਮਿੰਦਰਪਾਲ ਕੰਗ ਨੇ ਲੇਖਿਕਾ ਨੂੰ ਉਨ੍ਹਾਂ ਦੇ ਨਵ-ਪ੍ਰਕਾਸ਼ਿਤ ਨਾਵਲ ਦੀ ਵਧਾਈ ਦਿੱਤੀ। ਸਮਾਗਮ ਵਿਚ ਸ਼ਾਮਲ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ। ਇਸ ਦੇ ਨਾਲ ਹੀ ਡਾ. ਸਾਧੂ ਸਿੰਘ, ਜਰਨੈਲ ਸਿੰਘ ਸੇਖਾ, ਡਾ. ਰਘਬੀਰ ਸਿਰਜਨਾ, ਗੁਰਪ੍ਰੀਤ ਕੌਰ ਧਾਲੀਵਾਲ ਅਤੇ ਨਾਵਲਕਾਰਾ ਹਰਕੀਰਤ ਕੌਰ ਚਹਿਲ ਨੂੰ ਭਰਪੂਰ ਤਾੜੀਆਂ ਦੀ ਗੂੰਜ ਵਿਚ ਪ੍ਰਧਾਨਗੀ ਮੰਡਲ ਵਿਚ ਸਸ਼ੋਭਿਤ ਹੋਣ ਲਈ ਸੱਦਾ ਦਿੱਤਾ। ਉਪਰੰਤ ਨਾਵਲ ਉੱਪਰ ਪਰਚੇ ਪੜਨ ਦਾ ਦੌਰ ਸ਼ੁਰੂ ਹੋਇਆ ਜਿਸ ਵਿਚ ਡਾ. ਦਵਿੰਦਰਪਾਲ ਕੌਰ, ਡਾ: ਕਮਲਜੀਤ ਕੌਰ, ਡਾ. ਸਾਧੂ ਸਿੰਘ, ਡਾ. ਅਪਮਿੰਦਰਪਾਲ ਬਰਾੜ ਅਤੇ ਡਾ. ਸਰਬਜੀਤ ਕੌਰ ਰੰਧਾਵਾ ਵੱਲੋਂ ਨਾਵਲ ਦੇ ਵਿਸ਼ੇ-ਵਸਤੂ, ਕਲਾਤਮਿਕਤਾ ਅਤੇ ਭਾਸ਼ਾਈ ਪੱਖ ਨੂੰ ਬਿਆਨ ਕਰਦੇ, ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਖੂਬਸੂਰਤ ਪਰਚੇ ਪੜ੍ਹੇ ਗਏ ਅਤੇ ਪੜ੍ਹੇ ਜਾ ਰਹੇ ਪਰਚਿਆਂ ਨੂੰ ਨਾਲੋ ਨਾਲ ਤਾੜੀਆਂ ਦੀ ਦਾਦ ਵੀ ਮਿਲਦੀ ਰਹੀ ਭਾਰਤ ਤੋਂ ਖ਼ਾਸ ਤੌਰ ਤੇ ਪਹੁੰਚੀ ਮਹਿਮਾਨ ਗੁਰਪ੍ਰੀਤ ਕੌਰ ਧਾਲੀਵਾਲ ਨੇ ਗੱਲਬਾਤ ਰਾਹੀਂ ਦੱਸਿਆ ਕਿ ਇਸ ਨਾਵਲ ਰਾਹੀਂ ਉਨ੍ਹਾਂ ਨੂੰ ਗਵਾਂਢੀ ਮੁਲਕ ਦੀ ਸੈਰ ਦਾ ਅਹਿਸਾਸ ਹੋਇਆ। ਮਨੁੱਖੀ ਰਿਸ਼ਤਿਆਂ ਦੀਆਂ ਮਹੀਨ ਤੰਦਾਂ ਨੂੰ ਹਰਕੀਰਤ ਨੇ ਬਹੁਤ ਜਟਿਲਤਾ ਨਾਲ ਬਿਆਨ ਕੀਤਾ ਹੈ। ਡਾ. ਸਾਧੂ ਸਿੰਘ ਨੇ ਵਿਸ਼ੇ ਵਸਤੂ ਦੇ ਨਿਭਾਅ ਦੀ ਪ੍ਰਸ਼ੰਸਾ ਕਰਦਿਆਂ ਇਸ ਨਿਵੇਕਲੇ ਕਾਰਜ ਦੀ ਰੱਜ ਕੇ ਵਡਿਆਈ ਕੀਤੀ। ਵਾਤਾਵਰਣ ਪ੍ਰਤੀ ਅੱਜ ਦੇ ਮਨੁੱਖ ਦਾ ਅਣਗੌਲਿਆ ਰਵਈਆ ਕਿੰਝ ਘਾਤਕ ਸਿੱਧ ਹੋਵੇਗਾ, ਬਾਰੇ ਤੱਥ ਨਾਵਲ ਨੇ ਭਾਵਨਾਤਮਿਕ ਤਰੀਕੇ ਨਾਲ ਲੋਕਾਂ ਅੱਗੇ ਧਰਿਆ ਹੈ। ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਇੰਦਰਜੀਤ ਸਿੰਘ ਧਾਮੀ ਅਤੇ ਹੋਰ ਲੇਖਕਾਂ ਅਤੇ ਕਵੀਆਂ ਨੇ ਹਰਕੀਰਤ ਕੌਰ ਚਹਿਲ ਦੇ ਸਾਹਿਤਕ ਸਫ਼ਰ ਦੀ ਬਾਤ ਪਾਉਂਦਿਆਂ ਲਿਖਤਾਂ ਦੇ ਵਿਸ਼ਿਆਂ ਅਤੇ ਸ਼ੈਲੀ ਦੀ ਭਰਵੀਂ ਸ਼ਲਾਘਾ ਕੀਤੀ। ਪ੍ਰੋਗਰਾਮ ਵਿਚ ਅੰਕੇਸ਼ਵਰ ਸਿੰਘ ਨੇ ਲੇਖਕਾ ਦਾ ਲਿਖਿਆ ਖੂਬਸੂਰਤ ਗੀਤ ਗਾ ਕੇ ਹਾਜ਼ਰੀ ਲਵਾਈ ਅਤੇ ਡਾ. ਜੈਸਮੀਨ ਚਹਿਲ ਨੇ ਸਰਾਇਕੀ ਰੰਗ ਵਾਲ਼ਾ ਪਾਕਿਸਤਾਨੀ ਗੀਤ ਆਪਣੀ ਸੁਰੀਲੀ ਅਵਾਜ਼ ਵਿੱਚ ਗਾ ਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਸਮਾਗਮ ਵਿਚ ਮੀਡੀਆ ਦੀਆਂ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਡਾ ਭੁਰਜੀ, ਡਾ ਜਸਬੀਰ ਰੋਮਾਣਾ, ਪ੍ਰਸਿੱਧ ਅਦਾਕਾਰ ਰਾਣਾ ਰਣਬੀਰ, ਡਾ ਸੁਖਬੀਰ ਕੌਰ, ਮੀਰਾ ਗਿੱਲ, ਇਕਬਾਲ ਸਹੋਤਾ, ਸੁੱਖੀ ਢਿੱਲੋਂ, ਨਿੰਮੀ ਡੌਲਾ, ਜਗਰੂਪ ਬਰਾੜ, ਡਾ ਰਘਬੀਰ ਸਿਰਜਣਾ, ਅਜਮੇਰ ਰੋਡੇ, ਸੁਰਜੀਤ ਕਲਸੀ, ਡਾ ਹਾਕਮ ਭੁੱਲਰ, ਹਰਜੋਤ ਭੁੱਲਰ, ਅੰਗਰੇਜ਼ ਬਰਾੜ, ਸੁਖਵਿੰਦਰ ਸਿੰਘ ਚੋਹਲਾ, ਲੇਖਿਕਾ ਨੇ ਇਸ ਨਾਵਲ ਦੀ ਸਿਰਜਣਾ ਵਿਚ ਸਹਿਯੋਗੀ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਨਾਲ ਹੀ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸਮਾਗਮ ਵਿਚ ਪਹੁੰਚੀਆਂ ਹਸਤੀਆਂ/ਸਰੋਤਿਆਂ/ਮੀਡੀਆ ਕਰਮੀਆਂ ਦਾ ਵੀ ਧੰਨਵਾਦ ਕੀਤਾ। ਹਰਕੀਰਤ ਕੌਰ ਚਹਿਲ ਦੇ ਹਮਸਫ਼ਰ ਡਾ. ਕੁਲਦੀਪ ਸਿੰਘ ਚਹਿਲ ਨੇ ਆਪਣੇ ਫਰਜ਼ ਬਾਖੂਬੀ ਨਿਭਾਏ।