- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦਾ ਤਿਉਹਾਰ ਆਪਸੀ

ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਦੀਵਾਲੀ ਦਾ ਤਿਉਹਾਰ ਆਪਸੀ ਪਿਆਰ, ਸਾਂਝ, ਖੁਸ਼ੀਆਂ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਇਸ ਤਿਉਹਾਰ ਦੀਆਂ ਖੁਸ਼ੀਆਂ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਵੀ ਤਿਉਹਾਰ ਦੇ ਜਸ਼ਨਾਂ ਵਿਚ ਸ਼ਾਮਲ ਕਰਨ ਦੇ ਉਦੇਸ਼ ਨਾਲ ਅੱਜ ਰੈੱਡ ਕਰਾਸ ਸੋਸਾਇਟੀ ਮੋਗਾ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਮੌਕੇ ਰੈੱਡ ਕਰਾਸ ਸੋਸਾਇਟੀ ਮੋਗਾ ਦੀ ਚੇਅਰਪਰਸਨ ਸਵਰਨਿਕਾ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਦੀਵਾਲੀ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕਰਦਿਆਂ ਵੱਖ-ਵੱਖ ਤੋਹਫ਼ੇ ਅਤੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ ਗਈਆਂ। ਇਸ ਦੌਰਾਨ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ, ਚਾਕਲੇਟਾਂ ਦੇ ਡੱਬੇ, ਸਨੈਕਸ ਆਦਿ ਭੇਟ ਕੀਤੇ ਗਏ। ਇਸ ਦੇ ਨਾਲ ਹੀ ਲਾਇਨਜ਼ ਕਲੱਬ ਮੋਗਾ ਵੱਲੋਂ ਵੀ ਬੱਚਿਆਂ ਨੂੰ ਟਿਫ਼ਨ ਵੰਡੇ ਗਏ। ਇਸ ਉਪਰਾਲੇ ਨਾਲ ਬੱਚਿਆਂ ਵਿਚ ਤਿਉਹਾਰ ਪ੍ਰਤੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ। ਇਸ ਮੌਕੇ ਚੇਅਰਪਰਸਨ ਰੈੱਡ ਕਾਰਸ ਸੋਸਾਇਟੀ ਸਵਰਨਿਕਾ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਦੂਜਿਆਂ ਨਾਲ ਖੁਸ਼ੀਆਂ ਸਾਂਝੀਆਂ ਕਰਨ ਅਤੇ ਸਮਾਜ ਦੇ ਹਰ ਵਰਗ ਨੂੰ ਆਪਣੇ ਨਾਲ ਜੋੜਨ ਵਿਚ ਹੈ। ਵਿਸ਼ੇਸ਼ ਲੋੜਾਂ ਵਾਲੇ ਬੱਚੇ ਵੀ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਨ੍ਹਾਂ ਨੂੰ ਪਿਆਰ, ਸਤਿਕਾਰ, ਹੱਲਾਸ਼ੇਰੀ ਅਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਰੈੱਡ ਕਰਾਸ ਸੋਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਅਜਿਹੇ ਉਪਰਾਲਿਆਂ ਨੂੰ ਸਮਾਜਿਕ ਜ਼ਿੰਮੇਵਾਰੀ ਦੀ ਇਕ ਚੰਗੀ ਮਿਸਾਲ ਦੱਸਿਆ। ਇਸ ਮੌਕੇ ਬੱਚਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ ਗਈ।