ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ’ਚ ਰੱਖੜੀ ਦਾ ਤਿਉਹਾਰ ਮਨਾਇਆ ਹੋਲੀ ਹਾਰਟ ਕਾਨਵੈਂਟ ਸਕੂਲ
Publish Date: Thu, 27 Aug 2026 03:33 PM (IST)
Updated Date: Thu, 27 Aug 2026 03:34 PM (IST)
ਜ਼ਰੂਰੀ ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ : ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਰੱਖੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਪਿਆਰ ਭਰੇ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਸਕੂਲ ਦੇ ਪ੍ਰੀ-ਨਰਸਰੀ ਤੋਂ ਯੂਕੇਜੀ ਤੱਕ ਦੇ ਬੱਚਿਆਂ ਨੇ ਇਕ-ਦੂਜੇ ਨੂੰ ਰੱਖੜੀ ਬੰਨ੍ਹ ਕੇ ਭਾਈ-ਭੈਣ ਦੇ ਪਵਿੱਤਰ ਰਿਸ਼ਤੇ ਦੀ ਮਹੱਤਤਾ ਨੂੰ ਸਮਝਿਆ। ਇਸ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਨਾਲ ਜੁੜੀ ਪੰਜਾਬੀ ਅਤੇ ਭਾਰਤੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਭਾਈਚਾਰੇ ਦੀ ਭਾਵਨਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਾਊਸ ਪੱਧਰ ’ਤੇ ਰੱਖੜੀ ਬਣਾਉਣ ਦਾ ਵਿਸ਼ੇਸ਼ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਨੂੰ ਲੈ ਕੇ ਵਿਦਿਆਰਥੀਆਂ ’ਚ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਅਤੇ ਕਲਾਤਮਕ ਯੋਗਤਾ ਦਾ ਪ੍ਰਦਰਸ਼ਨ ਕਰਦਿਆਂ ਬਹੁਤ ਹੀ ਸੁੰਦਰ, ਰੰਗ-ਬਿਰੰਗੀਆਂ ਅਤੇ ਆਕਰਸ਼ਕ ਰੱਖੜੀਆਂ ਤਿਆਰ ਕੀਤੀਆਂ। ਬੱਚਿਆਂ ਨੇ ਇਸ ਮੁਕਾਬਲੇ ’ਚ ਆਪਣਾ ਸੌ ਫ਼ੀਸਦੀ ਯੋਗਦਾਨ ਪਾਇਆ ਅਤੇ ਪੂਰੀ ਲਗਨ ਨਾਲ ਆਪਣੀ ਰੱਖੜੀ ਨੂੰ ਵਿਲੱਖਣ ਬਣਾਉਣ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੀ ਮਦਦ ਕਰਦੇ ਹੋਏ ਉਨ੍ਹਾਂ ਦੀ ਰਚਨਾਤਮਕਤਾ ਨੂੰ ਹੋਰ ਨਿਖਾਰਿਆ। ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂ, ਧਾਗਿਆਂ, ਗਲਿਟਰ, ਸਜਾਵਟੀ ਪੱਥਰਾਂ ਅਤੇ ਹੋਰ ਸਮੱਗਰੀ ਦੀ ਵਰਤੋਂ ਕਰਕੇ ਮਨਮੋਹਕ ਰੱਖੜੀਆਂ ਬਣਾਈਆਂ। ਇਸ ਗਤੀਵਿਧੀ ਰਾਹੀਂ ਬੱਚਿਆਂ ’ਚ ਸਿਰਜਣਾਤਮਕ ਸੋਚ, ਆਤਮ-ਵਿਸ਼ਵਾਸ, ਸਹਿਯੋਗ ਅਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਹੋਈ। ਸਕੂਲ ਵਿਚ ਇਸੇ ਦਿਨ ਪਿਛਲੇ ਸਾਲ ਦੇ ਪੁਜ਼ੀਸ਼ਨ ਹੋਲਡਰ ਵਿਦਿਆਰਥੀਆਂ ਲਈ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ। ਸਕੂਲ ਦੇ ਡਾਇਰੈਕਟਰ ਸੁਭਾਸ਼ ਪਾਲਤਾ ਅਤੇ ਸ਼੍ਰੈਆ ਮੈਡਮ ਵੱਲੋਂ ਪਿਛਲੇ ਸਾਲ ਵੱਖ-ਵੱਖ ਕਲਾਸਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੁਜ਼ੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਸ਼ਿਵਾਨੀ ਅਰੋੜਾ ਨੇ ਵੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਡਾਂਸ ਪ੍ਰਦਰਸ਼ਨ ’ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਸਾਰੇ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਪਿਆਰ, ਸਤਿਕਾਰ, ਏਕਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹਮੇਸ਼ਾ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ’ਚ ਰੱਖੜੀ ਦਾ ਤਿਉਹਾਰ ਖੁਸ਼ੀ ਅਤੇ ਉਤਸ਼ਾਹ ਨਾਲ ਯਾਦਗਾਰ ਬਣ ਗਿਆ।