ਵਿਕਸਿਤ ਭਾਰਤ ਨੌਜਵਾਨ ਆਗੂ ਸੰਵਾਦ ਦੀ ਪ੍ਰਸ਼ਨੋਤਰੀ ਸ਼ੁਰੂ ਦੇਸ਼ ਨੂੰ ਸਾਲ 2047 ਤੱਕ ਵਿਕਸਿਤ
Publish Date: Fri, 11 Sep 2026 04:42 PM (IST)
Updated Date: Sat, 12 Sep 2026 04:02 AM (IST)
ਮੋਗਾ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ 15 ਤੋਂ 29 ਸਾਲ ਉਮਰ ਵਰਗ ਦੇ ਨੌਜਵਾਨ ‘ਮੇਰਾ ਭਾਰਤ’ ਪੋਰਟਲ ਰਾਹੀਂ ਲੈ ਸਕਦੇ ਹਨ ਹਿੱਸਾ : ਗੁਰਪ੍ਰੀਤ ਸਿੰਘ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮੋਗਾ : ਦੇਸ਼ ਨੂੰ ਸਾਲ 2047 ਤੱਕ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਨੂੰ ਸਾਕਾਰ ਕਰਨ ਅਤੇ ਦੇਸ਼ ਦੀ ਨੌਜਵਾਨ ਸ਼ਕਤੀ ਨੂੰ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਨਾਲ ਜੋੜਨ ਦੇ ਉਦੇਸ਼ ਨਾਲ ‘ਵਿਕਸਿਤ ਭਾਰਤ ਨੌਜਵਾਨ ਆਗੂ ਸੰਵਾਦ-2027’ ਤਹਿਤ ਵਿਕਸਿਤ ਭਾਰਤ ਪ੍ਰਸ਼ਨੋਤਰੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਸ਼ਨੋਤਰੀ ‘ਮੇਰਾ ਭਾਰਤ’ ਪੋਰਟਲ ’ਤੇ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੁਵਾ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ 15 ਤੋਂ 29 ਸਾਲ ਉਮਰ ਵਰਗ ਦੇ ਸਾਰੇ ਯੋਗ ਨੌਜਵਾਨਾਂ ਨੂੰ ਇਸ ਪ੍ਰਸ਼ਨੋਤਰੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਨੌਜਵਾਨਾਂ ਲਈ ਆਪਣੇ ਗਿਆਨ, ਪ੍ਰਤਿਭਾ, ਰਚਨਾਤਮਕ ਸੋਚ ਅਤੇ ਦੇਸ਼ ਦੇ ਵਿਕਾਸ ਪ੍ਰਤੀ ਆਪਣੀ ਸਮਝ ਦਾ ਪ੍ਰਦਰਸ਼ਨ ਕਰਨ ਲਈ ਇੱਕ ਮਹੱਤਵਪੂਰਨ ਮੌਕਾ ਹੈ। ਉਨ੍ਹਾਂ ਦੱਸਿਆ ਕਿ ‘ਵਿਕਸਿਤ ਭਾਰਤ ਨੌਜਵਾਨ ਆਗੂ ਸੰਵਾਦ’ ਕੇਵਲ ਇੱਕ ਪ੍ਰਸ਼ਨੋਤਰੀ ਮੁਕਾਬਲਾ ਨਹੀਂ, ਬਲਕਿ ਨੌਜਵਾਨਾਂ ਦੀ ਸੋਚ, ਦ੍ਰਿਸ਼ਟੀਕੋਣ, ਨਵੀਨਤਾ ਅਤੇ ਆਗੂ ਬਣਨ ਦੀ ਸਮਰੱਥਾ ਨੂੰ ਸਾਹਮਣੇ ਲਿਆਉਣ ਵਾਲੀ ਬਹੁ-ਪੜਾਵੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਰਾਹੀਂ ਦੇਸ਼ ਦੇ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਜ ਅਤੇ ਰਾਸ਼ਟਰੀ ਪੱਧਰ ਤੱਕ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲੇਗਾ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਵਿਕਸਿਤ ਭਾਰਤ ਪ੍ਰਸ਼ਨੋਤਰੀ 30 ਸਤੰਬਰ 2026 ਤੱਕ ਕਰਵਾਈ ਜਾ ਰਹੀ ਹੈ। ਪ੍ਰਸ਼ਨੋਤਰੀ ਵਿਚੋਂ ਚੁਣੇ ਜਾਣ ਵਾਲੇ ਭਾਗੀਦਾਰ ਅਗਲੇ ਪੜਾਅ ਵਿਚ ‘ਵਿਕਸਿਤ ਭਾਰਤ’ ਵਿਸ਼ੇ ’ਤੇ 500 ਸ਼ਬਦਾਂ ਦਾ ਲੇਖ ਲਿਖਣਗੇ। ਇਸ ਤੋਂ ਬਾਅਦ ਚੁਣੇ ਗਏ ਨੌਜਵਾਨ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਆਪਣੇ ਵਿਚਾਰ ਤੇ ਦ੍ਰਿਸ਼ਟੀਕੋਣ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ’ਚੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਦੋ ਭਾਗੀਦਾਰਾਂ ਨੂੰ ਰਾਜ ਪੱਧਰੀ ‘ਵਿਕਸਿਤ ਭਾਰਤ ਨੌਜਵਾਨ ਆਗੂ ਸੰਵਾਦ’ ਵਿਚ ਅੱਗੇ ਵਧਣ ਦਾ ਮੌਕਾ ਮਿਲੇਗਾ। ਇਸ ਉਪਰੰਤ ਰਾਸ਼ਟਰੀ ਪੱਧਰ ਲਈ ਚੁਣੇ ਜਾਣ ਵਾਲੇ ਨੌਜਵਾਨ ਨਵੀਂ ਦਿੱਲੀ ਵਿਖੇ ਹੋਣ ਵਾਲੇ ਕੌਮੀ ਸੰਵਾਦ ਵਿਚ ਭਾਗ ਲੈਣਗੇ। ਵੱਖ-ਵੱਖ ਖੇਤਰਾਂ ’ਚੋਂ ਚੁਣੇ ਗਏ ਅੰਤਿਮ ਭਾਗੀਦਾਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਆਪਣੇ ਵਿਚਾਰ, ਸੁਝਾਅ ਅਤੇ ਵਿਕਸਿਤ ਭਾਰਤ ਸਬੰਧੀ ਦ੍ਰਿਸ਼ਟੀਕੋਣ ਪੇਸ਼ ਕਰਨ ਦਾ ਮੌਕਾ ਵੀ ਮਿਲੇਗਾ।