- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀ ਅਨ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਮੰਗ ਕੀਤੀ ਹੈ ਕਿ ਉਹ ਸਿਰਫ਼ ਚੋਣ ਵਾਅਦੇ ਕਰਨ ਦੀ ਬਜਾਏ ਪੰਜਾਬ ਲਈ ਆਪਣਾ ਸਪਸ਼ਟ ਵਿਜ਼ਨ ਪੇਪਰ, ਵਿੱਤੀ ਰੋਡਮੈਪ ਅਤੇ ਸਮਾਂਬੱਧ ਕਾਰਜ-ਯੋਜਨਾ ਲੋਕਾਂ ਦੇ ਸਾਹਮਣੇ ਰੱਖਣ। ਯੂਨੀਅਨ ਆਗੂਆਂ ਨੇ ਕਿਹਾ ਕਿ ਚੋਣ ਮੈਨੀਫੈਸਟੋ ਨੂੰ ਕੇਵਲ ਸਿਆਸੀ ਵਾਅਦਿਆਂ ਦੀ ਸੂਚੀ ਬਣਾਉਣ ਦੀ ਬਜਾਏ ਅਜਿਹਾ ਜਵਾਬਦੇਹ ਦਸਤਾਵੇਜ਼ ਬਣਾਇਆ ਜਾਣਾ ਚਾਹੀਦਾ ਹੈ, ਜਿਸ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਸਮਾਂ-ਸੀਮਾ, ਵਿੱਤੀ ਸਰੋਤ ਅਤੇ ਕਾਰਜ-ਵਿਧੀ ਸਪਸ਼ਟ ਦਰਜ ਹੋਵੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਅਨੁਸ਼ਾਸਨੀ ਕਮੇਟੀ ਮੈਂਬਰ ਹਰਜੀਤ ਸਿੰਘ ਮਨਾਵਾਂ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਜ਼ਿਲ੍ਹਾ ਮੀਤ ਪ੍ਰਧਾਨ ਮੋਦਨ ਸਿੰਘ ਨਿਧਾਂਵਾਲਾ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ ਅਤੇ ਬਲਾਕ ਜਨਰਲ ਸਕੱਤਰ ਬੰਤ ਸਿੰਘ ਨਿਧਾਂਵਾਲਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਚੋਣਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੇ ਨਾਲ-ਨਾਲ ਇਹ ਵੀ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਪੰਜਾਬ ਨੂੰ ਆਉਣ ਵਾਲੇ ਸਾਲਾਂ ਵਿੱਚ ਕਿਸ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਮਜ਼ਦੂਰ ਵਰਗ ਸੂਬੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਇਸ ਲਈ ਰਾਜਨੀਤਿਕ ਪਾਰਟੀਆਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਕਿਵੇਂ ਪੈਦਾ ਕੀਤੇ ਜਾਣਗੇ, ਕਿਸਾਨੀ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਕੀ ਨੀਤੀ ਅਪਣਾਈ ਜਾਵੇਗੀ ਅਤੇ ਮਜ਼ਦੂਰ ਵਰਗ ਦੀ ਆਰਥਿਕ ਤੇ ਸਮਾਜਿਕ ਸਥਿਤੀ ਵਿੱਚ ਸੁਧਾਰ ਲਈ ਕਿਹੜੇ ਠੋਸ ਕਦਮ ਚੁੱਕੇ ਜਾਣਗੇ। ਦੌਲਤਪੁਰਾ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਮੈਨੀਫੈਸਟੋ ਜਾਰੀ ਕਰਨਾ ਇਕ ਆਮ ਰਵਾਇਤ ਬਣ ਚੁੱਕੀ ਹੈ, ਪਰ ਇਨ੍ਹਾਂ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਦੀ ਪੂਰਤੀ ਸਬੰਧੀ ਜਵਾਬਦੇਹੀ ਦਾ ਸਪਸ਼ਟ ਪ੍ਰਬੰਧ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਰਫ਼ ਚੋਣਾਂ ਸਮੇਂ ਕੀਤੇ ਜਾਣ ਵਾਲੇ ਵਾਅਦਿਆਂ ਦੀ ਬਜਾਏ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਠੋਸ ਯੋਜਨਾ ਅਤੇ ਜਵਾਬਦੇਹੀ ਦੀ ਮੰਗ ਕਰ ਰਹੇ ਹਨ। ਇਸ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਭਵਿੱਖ ਬਾਰੇ ਆਪਣਾ ਵਿਜ਼ਨ ਪੇਪਰ, ਵਿੱਤੀ ਰੋਡਮੈਪ ਅਤੇ ਚੋਣ ਮੈਨੀਫੈਸਟੋ ਸਪਸ਼ਟ ਤੌਰ ’ਤੇ ਜਾਰੀ ਕਰਨ ਅਤੇ ਲੋਕਾਂ ਨੂੰ ਦੱਸਣ ਕਿ ਸਰਕਾਰ ਬਣਨ ਉਪਰੰਤ ਉਨ੍ਹਾਂ ਦੇ ਐਲਾਨਾਂ ਨੂੰ ਕਿਵੇਂ ਅਤੇ ਕਿਹੜੀ ਸਮਾਂ-ਸੀਮਾ ਅੰਦਰ ਅਮਲ ਵਿਚ ਲਿਆਂਦਾ ਜਾਵੇਗਾ।