ਸਹਾਇਕ ਸਿਹਤ ਸਿੱਖਿਆ ਦੇ ਨਵੇਂ ਨਿਰਦੇਸ਼ਾਂ ਦਾ ਸਵਾਗਤ ਫੈੱਡਰੇਸ਼ਨ ਆਫ਼ ਸੈਲਫ਼ ਫਾਈਨੈਂਸਡ
Publish Date: Tue, 17 Nov 2026 05:05 PM (IST)
Updated Date: Wed, 18 Nov 2026 04:01 AM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਫੈੱਡਰੇਸ਼ਨ ਆਫ਼ ਸੈਲਫ਼ ਫਾਈਨੈਂਸਡ ਟੈਕਨੀਕਲ ਇੰਸਟੀਚਿਊਸ਼ਨਜ਼ ਅਤੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਵੱਲੋਂ ਸਹਾਇਕ ਅਤੇ ਸਿਹਤ ਸੰਭਾਲ ਸਿੱਖਿਆ ਨਾਲ ਸਬੰਧਤ ਕੌਮੀ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਹੈ। ਇਹ ਨਵੇਂ ਦਿਸ਼ਾ-ਨਿਰਦੇਸ਼ ਸਹਾਇਕ ਸਿਹਤ ਸਿੱਖਿਆ ਸੰਸਥਾਵਾਂ ਦੀ ਸਥਾਪਨਾ, ਨਵੇਂ ਪਾਠਕ੍ਰਮ ਸ਼ੁਰੂ ਕਰਨ ਅਤੇ ਸਾਲ 2027-28 ਦੇ ਵਿੱਦਿਅਕ ਸੈਸ਼ਨ ਲਈ ਦਾਖਲਾ ਪ੍ਰਕਿਰਿਆ ਨਾਲ ਸਬੰਧਤ ਹਨ। ਫੈਡਰੇਸ਼ਨ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਅਤੇ ਐੱਸਐੱਫ਼ਸੀ ਵਿੱਦਿਅਕ ਸੰਸਥਾਵਾਂ ਦੇ ਸਮੂਹ ਮੋਗਾ ਦੇ ਮੁਖੀ ਅਤੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਅਭਿਸ਼ੇਕ ਜਿੰਦਲ ਨੇ ਨਵੇਂ ਨਿਯਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੌਮੀ ਕਮਿਸ਼ਨ ਦੀ ਇਹ ਪਹਿਲ ਦੇਸ਼ ਭਰ ਵਿੱਚ ਸਹਾਇਕ ਅਤੇ ਸਿਹਤ ਸੰਭਾਲ ਸਿੱਖਿਆ ਦੇ ਖੇਤਰ ਵਿੱਚ ਇਕਸਾਰਤਾ, ਪਾਰਦਰਸ਼ਤਾ ਅਤੇ ਉੱਚ ਗੁਣਵੱਤਾ ਵਾਲੇ ਮਿਆਰ ਸਥਾਪਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਸਰਪ੍ਰਸਤ ਸਰਦਾਰ ਮਨਜੀਤ ਸਿੰਘ ਨੇ ਦਾਖਲਾ ਪ੍ਰਕਿਰਿਆ ਦੇ ਅਗਲੇ ਗੇੜਾਂ ਦੌਰਾਨ ਖਾਲੀ ਰਹਿ ਗਈਆਂ ਸੀਟਾਂ ਭਰਨ ਦੀ ਵਿਵਸਥਾ ਦਾ ਸਵਾਗਤ ਕੀਤਾ। ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਕੀਲ ਅਮਿਤ ਸ਼ਰਮਾ ਨੇ ਨਵੇਂ ਨਿਯਮਬੱਧ ਢਾਂਚੇ ਨੂੰ ਭਾਰਤ ਦੀ ਸਹਾਇਕ ਅਤੇ ਸਿਹਤ ਸੰਭਾਲ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਕੌਮੀ ਕਮਿਸ਼ਨ, ਸੂਬਾ ਸਰਕਾਰਾਂ, ਸੂਬਾਈ ਕੌਂਸਲਾਂ ਅਤੇ ਯੂਨੀਵਰਸਿਟੀਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਆਪਸੀ ਸਹਿਯੋਗ ਹੋਣਾ ਬੇਹੱਦ ਜ਼ਰੂਰੀ ਹੈ। ਐਸੋਸੀਏਸ਼ਨ ਦੇ ਅਕਾਦਮਿਕ ਮਾਮਲਿਆਂ ਦੇ ਜਨਰਲ ਸਕੱਤਰ ਐੱਚਪੀਐੱਸ ਕੰਡਾ ਨੇ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ ਸਹਾਇਕ ਅਤੇ ਸਿਹਤ ਸੰਭਾਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਨਾਲ-ਨਾਲ ਵਿੱਦਿਅਕ ਮਿਆਰਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਿੱਧ ਹੋਣਗੇ। ਉਨ੍ਹਾਂ ਜ਼ੋਰ ਦਿੱਤਾ ਕਿ ਨਵੇਂ ਨਿਯਮ ਲਾਗੂ ਕਰਨ ਸਮੇਂ ਪੂਰੀ ਸਪੱਸ਼ਟਤਾ ਅਤੇ ਪਾਰਦਰਸ਼ਤਾ ਬਣਾਈ ਰੱਖੀ ਜਾਵੇ ਅਤੇ ਸਿੱਖਿਆ ਸੰਸਥਾਵਾਂ ਨੂੰ ਇਨ੍ਹਾਂ ਦੀ ਪਾਲਣਾ ਕਰਨ ਲਈ ਲੋੜੀਂਦਾ ਸਮਾਂ ਵੀ ਦਿੱਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਮੁੱਚੀ ਪ੍ਰਕਿਰਿਆ ਦੌਰਾਨ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਾਰੇ ਸਬੰਧਤ ਵਿਭਾਗਾਂ ਅਤੇ ਸਿੱਖਿਆ ਸੰਸਥਾਵਾਂ ਦੇ ਸਹਿਯੋਗ ਨਾਲ ਨਵੇਂ ਦਿਸ਼ਾ-ਨਿਰਦੇਸ਼ ਸਫ਼ਲਤਾਪੂਰਵਕ ਲਾਗੂ ਹੋਣਗੇ ਅਤੇ ਦੇਸ਼ ਵਿਚ ਸਹਾਇਕ ਸਿਹਤ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਵੇਗਾ।