- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਸਰਕਾਰ ਵੱਲੋਂ ਵਪਾਰਕ ਭਾਈਚਾਰੇ

ਸਵਰਨ ਗੁਲਾਟੀ, ਪੰਜਾਬੀ ਜਾਗਰਣ ਮੋਗਾ: ਸੂਬਾ ਸਰਕਾਰ ਵੱਲੋਂ ਵਪਾਰਕ ਭਾਈਚਾਰੇ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਪੰਜਾਬ ਵਪਾਰ ਕਮਿਸ਼ਨ ਜ਼ਿਲ੍ਹੇ ਦੇ ਵਪਾਰਕ ਭਾਈਚਾਰੇ ਦੀ ਸਹੂਲਤ ਲਈ ਜਨਤਕ ਥਾਵਾਂ ਤੇ ਸੀਸੀਟੀਵੀ ਕੈਮਰੇ ਅਤੇ ਵੱਖ ਵੱਖ ਬਾਜ਼ਾਰਾਂ ਦੇ ਨਾਵਾਂ ਵਾਲੇ ਐੱਲਈਡੀ ਸਾਈਨ ਲਗਾਏਗਾ। ਇਸ ਪਹਿਲਕਦਮੀ ਦੀ ਰੂਪ ਰੇਖਾ ਤਿਆਰ ਕਰਨ ਲਈ, ਪੰਜਾਬ ਵਪਾਰ ਕਮਿਸ਼ਨ ਜ਼ਿਲ੍ਹਾ ਚੇਅਰਮੈਨ ਸੰਜੀਵ ਨਰੂਲਾ, ਬਲਾਕ ਕੋਆਰਡੀਨੇਟਰ ਕੁਨਾਲ ਅਰੋੜਾ ਅਤੇ ਬਲਾਕ ਪ੍ਰਧਾਨ ਨੀਰਜ ਕੁਮਾਰ ਨੇ ਮਿੰਨੀ ਸਕੱਤਰੇਤ ਵਿਖੇ ਐੱਸਐੱਸਪੀ ਸਰਤਾਜ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ ਜਸਵਿੰਦਰ ਸਿੰਘ, ਐੱਸਪੀ ਗੁਰਸ਼ਰਨਜੀਤ ਸੰਧੂ, ਜੀਐੱਸਟੀ ਕਮਿਸ਼ਨਰ ਮਨੂ ਗੁਪਤਾ ਅਤੇ ਨਗਰ ਨਿਗਮ ਦੇ ਸਾਗਰ ਗਰਗ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿਚ ਵਪਾਰ ਵਿੰਗ ਦੀਆਂ ਵਪਾਰਕ ਭਾਈਚਾਰੇ ਨੂੰ ਸਹੂਲਤਾਂ ਪ੍ਰਦਾਨ ਕਰਨ, ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਇਸ ਨੂੰ ਆਵਾਜਾਈ ਮੁਕਤ ਬਣਾਉਣ ਦੀਆਂ ਯੋਜਨਾਵਾਂ ’ਤੇ ਚਰਚਾ ਕੀਤੀ ਗਈ। ਵਪਾਰ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਸੰਜੀਵ ਨਰੂਲਾ ਨੇ ਐਲਾਨ ਕੀਤਾ ਕਿ ਵਪਾਰ ਵਿੰਗ ਮੋਗਾ ਜ਼ਿਲ੍ਹੇ ਵਿਚ ਸੀਸੀਟੀਵੀ ਕੈਮਰੇ, ਐੱਲਈਡੀ ਸਾਈਨ ਅਤੇ ਪੀਣ ਵਾਲੇ ਪਾਣੀ ਦੇ ਕੂਲਰ ਲਗਾਏਗਾ। ਮੋਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੇ ਯਤਨਾਂ ਸਦਕਾ, ਸੀਸੀਟੀਵੀ ਕੈਮਰੇ ਅਤੇ ਸਾਈਨ ਬੋਰਡਾਂ ਦੇ ਮੁਕੰਮਲ ਹੋਣ ਨਾਲ ਵਪਾਰਕ ਭਾਈਚਾਰੇ ਨੂੰ ਲਾਭ ਹੋਵੇਗਾ। ਆਮ ਆਦਮੀ ਪਾਰਟੀ (ਆਪ) ਨੇ ਸੂਬੇ ਵਿਚ ਵਿਸ਼ੇਸ਼ ਤੌਰ ’ਤੇ ਵਪਾਰਕ ਭਾਈਚਾਰੇ ਦੀ ਸਹੂਲਤ ਲਈ ਇਕ ਵਪਾਰ ਕਮਿਸ਼ਨ ਸਥਾਪਤ ਕੀਤਾ ਹੈ। ਵਪਾਰ ਵਿੰਗ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਵੱਖ ਵੱਖ ਬਾਜ਼ਾਰਾਂ ਵਿਚ ਵਪਾਰਕ ਭਾਈਚਾਰੇ ਨਾਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਮੀਟਿੰਗਾਂ ਕੀਤੀਆਂ ਹਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਇਨ੍ਹਾਂ ਮੁੱਦਿਆਂ ਨੂੰ ਸਮੂਹਿਕ ਤੌਰ ’ ਤੇ ਹੱਲ ਕੀਤਾ ਹੈ। ਹਲਕਾ ਕੋਆਰਡੀਨੇਟਰ ਕੁਨਾਲ ਅਰੋੜਾ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਲਈ ਕੰਟਰੋਲ ਰੂਮ ਮਿੰਨੀ ਸਕੱਤਰੇਤ ਵਿਚ ਸਥਿਤ ਹੋਵੇਗਾ। ਹੁਣ, ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸੀਸੀਟੀਵੀ ਕੈਮਰਿਆਂ ਤੋਂ ਬਚਣਾ ਮੁਸ਼ਕਲ ਹੋਵੇਗਾ। ਉਨ੍ਹਾਂ ਨੇ ਮੋਗਾ ਜ਼ਿਲ੍ਹੇ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਲਈ ਧੰਨਵਾਦ ਵੀ ਪ੍ਰਗਟ ਕੀਤਾ।