ਮਨਿਸਟੀਰੀਅਲ ਕਾਮਿਆਂ ਵੱਲੋਂ ਪੰਜਾਬ ਮਹਾਬੰਦ ਦੀ ਤਿਆਰੀ ਜ਼ੋਰਾਂ ’ਤੇ 27 ਅਗਸਤ ਦੇ ਪੰਜਾਬ ਮਹਾਂਬੰਦ
Publish Date: Mon, 24 Aug 2026 06:07 PM (IST)
Updated Date: Mon, 24 Aug 2026 06:09 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: 27 ਅਗਸਤ ਦੇ ਪੰਜਾਬ ਮਹਾਂਬੰਦ ਦੀਆਂ ਤਿਆਰੀਆਂ ਚ ਰੁੱਝੇ ਮਨਿਸਟੀਰੀਅਲ ਕਾਮਿਆਂ ਨੇ 26 ਅਗਸਤ ਤੱਕ ਆਪਣੀ ਕਮਲ ਛੋੜ ਹੜਤਾਲ ਨੂੰ ਵਧਾ ਦਿੱਤਾ ਹੈ। ਪਰਮਪਾਲ ਸਿੰਘ ਵਿਤ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੀ ਸੂਬਾ ਪੱਧਰੀ ਆਨ ਲਾਈਨ ਮੀਟਿੰਗ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਅਤੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਭੱਠਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਹਾਜ਼ਰ ਸੂਬਾ ਲੀਡਰਸ਼ਿਪ ਵਿਭਾਗੀ ਜਥੇਬੰਦੀਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਾਹਿਬਾਨ ਤੋਂ ਇਲਾਵਾ ਜਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਹੋਏ। ਇਸ ਮੀਟਿੰਗ ਵਿੱਚ ਮਿਤੀ 17 ਅਗਸਤ ਤੋਂ ਸ਼ੁਰੂ ਕੀਤੀ ਗਈ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ ਰਿਵਿਊ ਕੀਤਾ ਗਿਆ ਅਤੇ ਅਗਲੀ ਵਿਉਂਤਬੰਦੀ ਲਈ ਵਿਚਾਰ ਲਏ ਗਏ। ਸਮੁੱਚੀ ਲੀਡਰਸ਼ਿਪ ਨੇ ਪਿਛਲੇ ਹਫਤੇ ਤੋਂ ਲਗਾਤਾਰ ਚੱਲ ਰਹੀ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ ਮੁਕੰਮਲ ਕਾਮਯਾਬ ਦੱਸਿਆ ਅਤੇ ਇਹ ਵੀ ਦੱਸਿਆ ਕਿ ਮੁਲਾਜ਼ਮਾਂ ਦੇ ਵਿਚ ਇਸ ਸਮੇਂ ਭਗਵੰਤ ਮਾਨ ਸਰਕਾਰ ਵਿਰੁੱਧ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ। ਉਹ ਗੁੱਸੇ ਨਾਲ ਭਰੇ ਪੀਤੇ ਬੈਠੇ ਹਨ ਅਤੇ ਇਸ ਸਰਕਾਰ ਨੂੰ 2027 ਵਿਚ ਚਲਦਾ ਕਰ ਦੇਣ ਲਈ ਉਤਾਵਲੇ ਹਨ। ਇਸ ਲਈ ਸਮੁੱਚੀ ਲੀਡਰਸ਼ਿਪ ਵੱਲੋਂ ਇਸ ਕਲਮ ਛੋੜ ਹੜਤਾਲ ਅਤੇ ਕੰਪਿਊਟਰ ਬੰਦ ਹੜਤਾਲ ਨੂੰ 26 ਅਗਸਤ ਤੱਕ ਵਧਾਉਣ ਅਤੇ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਦਫ਼ਤਰਾਂ ਨੂੰ ਕੁੰਡੇ ਲਾਉਣ ਦਾ ਸੁਝਾ ਦਿੱਤਾ ਹੈ। ਇਹ ਵੀ ਕਿਹਾ ਕਿ ਹੜਤਾਲ ਦੌਰਾਨ ਮੁਲਾਜ਼ਮ ਚਾਹੁੰਦੇ ਹਨ ਕਿ ਸੀਟਾਂ ਛੱਡ ਕੇ ਮੌਜੂਦਾ ਸਰਕਾਰ ਵਿਰੁੱਧ ਸਰਕਾਰ ਦੀਆਂ ਨਕਾਮੀਆਂ ਅਤੇ ਮੁਲਾਜ਼ਮ ਵਿਰੋਧੀ ਰਵਈਏ ਦੀਆਂ ਸੱਚਾਈਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਪੈਂਫਲੈਟ ਅਤੇ ਪੋਸਟਰ ਦਫ਼ਤਰਾਂ ਤੇ ਜਨਤਕ ਥਾਵਾਂ ਤੇ ਲਾਏ ਜਾਣ ਅਤੇ ਬਾਜ਼ਾਰਾਂ ਦੇ ਵਿਚ ਝੰਡਾ ਮਾਰਚ ਕਰਨ ਜਾਂ ਇੰਨ੍ਹਾਂ ਦੇ ਪੁੱਤਲੇ ਫੂਕਣ ਅਤੇ ਘੜ੍ਹੇ ਭੰਨ ਧਰਨੇ ਪ੍ਰਦਰਸ਼ਨ ਕੀਤੇ ਜਾਣ ਦੇ ਵਿਚਾਰ ਦਿੱਤੇ। ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਕਰੋਚ ਪਾਰਟੀ ਦੇ ਸੌਰਭ ਦਾਸ ਵੱਲੋਂ ਡੀਏ ਸਬੰਧੀ ਦਿੱਤੇ ਗਏ ਫੈਸਲੇ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜ ਪ੍ਰਣਾਲੀ ਤੇ ਜੋ ਉਸ ਵੱਲੋਂ ਸਵਾਲ ਉਠਾਏ ਗਏ ਹਨ ਅਤੇ ਉਸ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੱਲੋਂ ਟੈਗ ਕੀਤਾ ਗਿਆ ਹੈ। ਅਸੀਂ ਇਸ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕਰਦੇ ਹਾਂ। ਪੰਜਾਬੀਆਂ ਵਾਸੀਆਂ ਵੱਲੋਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਦੋਵੇਂ ਪਾਰਟੀਆਂ ਮਾਨਯੋਗ ਉੱਚ ਅਦਾਲਤ ਦੇ ਮੁਲਾਜਮ ਹੱਕਾਂ ਸਬੰਧੀ ਕੀਤੇ ਸਹੀ ਹੁਕਮਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀਆਂ ਹਨ। ਇਸ ਕਾਰਨ ਮਾਨਯੋਗ ਉੱਚ ਅਦਾਲਤ ਦੀ ਛਵੀ ਖਰਾਬ ਕਰਨ ਤੇ ਉੱਤਰ ਆਏ ਹਨ। ਅਸੀਂ ਮਾਨਯੋਗ ਉੱਚ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼ੋ-ਮੋਟੋ ਇੰਨ੍ਹਾਂ ਖ਼ਿਲਾਫ਼ ਅਦਾਲਤ ਦੀ ਮਾਨਹਾਨੀ ਕਰਨ ਦਾ ਗੰਭੀਰ ਨੋਟਿਸ ਲਵੇ। ਇਸ ਸਬੰਧੀ ਪ੍ਰੈੱਸ ਨੋਟ ਰਾਹੀਂ ਗੁਰਪ੍ਰੀਤ ਸਿੰਘ ਖਟੜਾ ਸੂਬਾ ਪ੍ਰੈੱਸ ਸਕੱਤਰ ਅਤੇ ਪ੍ਰਧਾਨ ਸਿੱਖਿਆ ਵਿਭਾਗ ਨੇ ਦੱਸਿਆ ਕਿ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ 17 ਅਗਸਤ ਤੋਂ ਚੱਲ ਰਹੀ ਕਲਮ ਛੋੜ ਅਤੇ ਕੰਪਿਊਟਰ ਬੰਦ ਹੜਤਾਲ ਨੂੰ ਮੁਲਾਜਮਾਂ ਦਾ ਭਰਵਾਂ ਹੁੰਗਾਰਾ ਮਿਲਣ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ ਤੇ ਲਗਾਤਾਰ ਚੁੱਪੀ ਧਾਰੀ ਹੋਣ ਕਾਰਨ ਇਸ ਕਲਮ ਛੋੜ ਹੜਤਾਲ ਨੂੰ 26 ਅਗਸਤ ਤੱਕ ਵਧਾਇਆ ਜਾਂਦਾ ਹੈ। ਲੀਡਰਸ਼ਿਪ ਵੱਲੋਂ ਵੱਖ ਵੱਖ ਵਿਭਾਗਾਂ ਵਿਚ ਜਾ ਕੇ 27 ਅਗਸਤ ਦੇ ਪੰਜਾਬ ਮਹਾਬੰਦ ਦੇ ਐਕਸ਼ਨ ਨੂੰ ਕਾਮਯਾਬ ਕਰਨ ਲਈ ਸਾਥੀਆਂ ਨੂੰ ਮੋਟੀਵੇਟ ਕੀਤਾ ਜਾਵੇਗਾ। 25 ਅਗਸਤ ਨੂੰ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਮੁਲਾਜ਼ਮ ਵਿਰੋਧੀ ਚਿਹਰੇ ਆਪ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਕਾਕਰੋਚ ਪਾਰਟੀ ਦੇ ਸੌਰਵ ਦਾਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਰੋਸ ਰੈਲੀ ਕਰਨ ਉਪਰੰਤ ਇਨ੍ਹਾ ਦੇ ਪੁਤਲੇ ਲੈਕੇ ਰੋਸ ਮਾਰਚ ਕੀਤਾ ਜਾਵੇਗਾ ਅਤੇ ਪੁਤਲੇ ਫੂਕੇ ਜਾਣਗੇ। 26 ਅਗਸਤ ਨੂੰ ਕਲਮ ਛੋੜ ਹੜਤਾਲ ਕਰਕੇ ਦਫਤਰਾਂ ਦੇ ਕੰਮ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਆਪਣੀਆਂ ਆਪਣੀਆਂ ਸੀਟਾਂ ਛੱਡ ਕੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਹ ਐਕਸ਼ਨ 27 ਅਗਸਤ ਦੇ ਪੰਜਾਬ ਮਹਾਂਬੰਦ ਨੂੰ ਮੁਕੰਮਲ ਕਾਮਯਾਬ ਕਰਨ ਲਈ ਹਨ। ਇਸ ਲਈ 27 ਅਗਸਤ ਨੂੰ ਸਮੁੱਚੇ ਪੰਜਾਬ ਦੇ ਸਰਕਾਰੀ/ਅਰਧ ਸਰਕਾਰੀ ਦਫਤਰਾਂ ਵਿਚ ਕੰਮ ਕਰਦੇ ਦਫਤਰੀ ਕਾਮੇ ਅਤੇ ਇਨ੍ਹ ਨਾਲ ਜੁੜੇ ਭਰਾਤਰੀ ਜਥੇਬੰਦੀਆਂ ਦੇ ਕਾਮੇ ਸਮੂਹਿਕ ਛੁੱਟੀ ਲੈ ਕੇ ਦਫ਼ਤਰਾਂ ਨੂੰ ਕੁੰਡੇ ਲਾ ਕੇ ਬੰਦ ਰੱਖਣਗੇ।