ਧਰਮਕੋਟ ਦੀ ਅਨਾਜ ਮੰਡੀ ‘ਚ ਝੋਨੇ ਦੀ ਸਰਕਾਰੀ ਖਰੀਦ ਦਾ ਆਗਾਜ਼ ਪੰਜਾਬ ਸਰਕਾਰ ਕਿਸਾਨਾਂ ਦੀ
Publish Date: Fri, 02 Oct 2026 06:27 PM (IST)
Updated Date: Fri, 02 Oct 2026 06:28 PM (IST)
ਪੰਜਾਬ ਸਰਕਾਰ ਕਿਸਾਨਾਂ ਦਾ ਝੋਨਾ ਖਰੀਦਣ ਲਈ ਵਚਨਬੱਧ : ਵਿਧਾਇਕ ਲਾਡੀ ਢੋਸ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਧਰਮਕੋਟ : ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਝੋਨੇ ਦੇ ਖਰੀਦ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਲਈ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਅਤੇ ਖਰੀਦ, ਲਿਫਟਿੰਗ ਤੇ ਹੋਰ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਦਾਣਾ ਮੰਡੀ ਧਰਮਕੋਟ ਵਿਖੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਵਿਧਾਇਕ ਲਾਡੀ ਢੋਸ ਨੇ ਮੰਡੀ ਵਿਚ ਪਹੁੰਚ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਝੋਨੇ ਦੀ ਖਰੀਦ ਸਬੰਧੀ ਗੱਲਬਾਤ ਕੀਤੀ। ਉਨ੍ਹਾਂ ਕਿਸਾਨਾਂ ਤੋਂ ਮੰਡੀ ਵਿਚ ਮਿਲ ਰਹੀਆਂ ਸਹੂਲਤਾਂ ਅਤੇ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਮੰਡੀ ਵਿਚ ਫ਼ਸਲ ਦੀ ਆਮਦ, ਖਰੀਦ ਪ੍ਰਬੰਧਾਂ, ਫ਼ਸਲ ਦੀ ਜਾਂਚ, ਬਾਰਦਾਨੇ, ਲਿਫਟਿੰਗ ਅਤੇ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਸੁੱਕਾ ਅਤੇ ਮਿਆਰੀ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਮੰਡੀ ਵਿਚ ਲੈ ਕੇ ਆਉਣਗੇ ਤਾਂ ਖਰੀਦ ਪ੍ਰਕਿਰਿਆ ਤੇਜ਼ੀ ਨਾਲ ਮੁਕੰਮਲ ਹੋ ਸਕੇਗੀ ਅਤੇ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਲਈ ਬੇਲੋੜਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਬੈਠਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮੰਡੀ ਵਿਚ ਆਉਣ ਵਾਲੇ ਹਰੇਕ ਕਿਸਾਨ ਦੀ ਫ਼ਸਲ ਦੀ ਖਰੀਦ ਪ੍ਰਕਿਰਿਆ ਨੂੰ ਨਿਰਵਿਘਨ ਬਣਾਇਆ ਜਾਵੇ ਅਤੇ ਜਿੱਥੇ ਵੀ ਕੋਈ ਸਮੱਸਿਆ ਸਾਹਮਣੇ ਆਵੇ, ਉਸ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਆਉਣ ਤੋਂ ਲੈ ਕੇ ਉਸ ਦੀ ਖਰੀਦ ਅਤੇ ਲਿਫਟਿੰਗ ਤੱਕ ਦੀ ਪ੍ਰਕਿਰਿਆ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਸ ਲਈ ਸਬੰਧਤ ਵਿਭਾਗਾਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਸ ਮੌਕੇ ਚੇਅਰਮੈਨ ਗੁਰਤਾਰ ਸਿੰਘ ਕਮਾਲਕੇ, ਮਾਰਕੀਟ ਕਮੇਟੀ ਦਫ਼ਤਰ ਧਰਮਕੋਟ ਦੇ ਅਧਿਕਾਰੀ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ। ਅਧਿਕਾਰੀਆਂ ਨੇ ਵਿਧਾਇਕ ਲਾਡੀ ਢੋਸ ਨੂੰ ਮੰਡੀ ਵਿਚ ਝੋਨੇ ਦੀ ਆਮਦ, ਖਰੀਦ ਦੀ ਸਥਿਤੀ, ਲਿਫਟਿੰਗ ਅਤੇ ਕਿਸਾਨਾਂ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਵਿਧਾਇਕ ਲਾਡੀ ਢੋਸ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਆਮਦ ਵਧਣ ਦੀ ਸੂਰਤ ਵਿਚ ਵੀ ਮੰਡੀ ਵਿਚ ਖਰੀਦ ਪ੍ਰਬੰਧ ਪ੍ਰਭਾਵਿਤ ਨਾ ਹੋਣ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਦਾ ਪੂਰਾ ਮੁੱਲ ਦਿਵਾਉਣ ਅਤੇ ਉਨ੍ਹਾਂ ਨੂੰ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਖੱਜਲ-ਖੁਆਰੀ ਤੋਂ ਬਚਾਉਣ ਲਈ ਸਾਰੇ ਵਿਭਾਗ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਸਰਕਾਰੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਅਤੇ ਨਮੀ ਸਮੇਤ ਹੋਰ ਨਿਰਧਾਰਤ ਮਾਪਦੰਡਾਂ ਨੂੰ ਧਿਆਨ ਵਿਚ ਰੱਖਦਿਆਂ ਫ਼ਸਲ ਮੰਡੀ ਵਿਚ ਲਿਆਉਣੀ ਚਾਹੀਦੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਸਰਕਾਰ, ਖਰੀਦ ਏਜੰਸੀਆਂ ਅਤੇ ਮੰਡੀ ਅਧਿਕਾਰੀਆਂ ਦੇ ਸਾਂਝੇ ਯਤਨਾਂ ਨਾਲ ਝੋਨੇ ਦਾ ਖਰੀਦ ਸੀਜ਼ਨ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇਗਾ।