ਮੋਗਾ ਜ਼ਿਲ੍ਹੇ 'ਚ ਪੰਜਾਬ ਬੰਦ ਦਾ ਅਸਰ, ਹਾਈਵੇ ਵੀ ਰਹੇ ਸੁੰਨਸਾਨ ਬੀਤੇ ਦਿਨੀ ਮਾਨਸਾ ਵਿਖੇ ਨਸ਼ਿਆਂ
Publish Date: Thu, 15 Oct 2026 03:33 PM (IST)
Updated Date: Thu, 15 Oct 2026 03:36 PM (IST)
ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਨੂੰ ਲੈ ਕੇ ਲੋਕਾਂ ਨੇ ਨਸ਼ਾ ਤਸਕਰਾਂ ਵਿਰੁੱਧ ਜਤਾਇਆ ਰੋਸ, ਬਾਜ਼ਾਰਾਂ ਤੇ ਨਿੱਜੀ ਅਦਾਰਿਆਂ ਚ ਪੱਸਰੀ ਰਹੀ ਸੁੰਨ ਮਨਪ੍ਰੀਤ ਸਿੰਘ ਮੱਲੇਆਣਾ/ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ, ਮੋਗਾ : ਬੀਤੇ ਦਿਨੀ ਮਾਨਸਾ ਵਿਖੇ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਨਸ਼ਾ ਤਸਕਰਾਂ ਵਿਰੁੱਧ ਰੋਸ ਪ੍ਰਗਟਾਉਣ ਲਈ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦਾ ਮੋਗਾ ਜ਼ਿਲ੍ਹੇ ਭਰ ਵਿਚ ਅਸਰ ਦੇਖਣ ਨੂੰ ਮਿਲਿਆ। ਬੰਦ ਦੇ ਸੱਦੇ ਦੇ ਮੱਦੇਨਜ਼ਰ ਸ਼ਹਿਰਾਂ ਅਤੇ ਕਸਬਿਆਂ ਦੇ ਬਾਜ਼ਾਰਾਂ ਵਿਚ ਸੁੰਨਸਾਨ ਛਾਈ ਰਹੀ, ਜਦਕਿ ਨਿੱਜੀ ਅਦਾਰੇ ਵੀ ਬੰਦ ਰਹੇ। ਆਮ ਦਿਨਾਂ ਦੌਰਾਨ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਨਾਲ ਭਰੀਆਂ ਰਹਿਣ ਵਾਲੀਆਂ ਸੜਕਾਂ ਤੇ ਵੀ ਆਵਾਜਾਈ ਘੱਟ ਦਿਖਾਈ ਦਿੱਤੀ ਅਤੇ ਹਾਈਵੇ ਸੁੰਨਸਾਨ ਨਜ਼ਰ ਆਏ। ਬੰਦ ਦੇ ਮੱਦੇਨਜ਼ਰ ਮੋਗਾ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਵਿਚ ਦੁਕਾਨਾਂ ਅਤੇ ਨਿੱਜੀ ਅਦਾਰਿਆਂ ਦੇ ਬੰਦ ਰਹਿਣ ਕਾਰਨ ਕਾਰੋਬਾਰੀ ਗਤੀਵਿਧੀਆਂ ਪ੍ਰਭਾਵਿਤ ਹੋਈਆਂ। ਆਮ ਦਿਨਾਂ ਵਿਚ ਬਾਜ਼ਾਰਾਂ ‘ਚ ਲੱਗਣ ਵਾਲੀ ਲੋਕਾਂ ਦੀ ਭੀੜ ਵੀ ਘੱਟ ਦਿਖਾਈ ਦਿੱਤੀ। ਇਸੇ ਤਰ੍ਹਾਂ ਸੜਕਾਂ ਅਤੇ ਹਾਈਵੇ ਤੇ ਵਾਹਨਾਂ ਦੀ ਆਵਾਜਾਈ ਵੀ ਆਮ ਦਿਨਾਂ ਦੇ ਮੁਕਾਬਲੇ ਘੱਟ ਰਹੀ। ਪੰਜਾਬ ਬੰਦ ਦੇ ਸੱਦੇ ਤੇ ਇਕੱਤਰ ਹੋਈਆਂ ਵੱਖ ਵੱਖ ਜਦੇਬੰਦੀਆਂ ਦੇ ਆਗੂਆਂ ਨੇ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਰੋਸ ਪ੍ਰਗਟਾਉਣਾ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਾ ਮੁੱਖ ਮੁੱਦਾ ਰਿਹਾ। ਲੋਕਾਂ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਬੰਦ ਦੇ ਸਮਰਥਕਾਂ ਵੱਲੋਂ ਨਸ਼ਿਆਂ ਦੇ ਖ਼ਾਤਮੇ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਬੰਦ ਦੀ ਕਾਲ ਦਾ ਮੋਗਾ ਜ਼ਿਲ੍ਹੇ ਵਿਚ ਅਸਰ ਦੇਖਣ ਨੂੰ ਮਿਲਿਆ। ਬਾਜ਼ਾਰਾਂ ਵਿਚ ਸੁੰਨਸਾਨ, ਨਿੱਜੀ ਅਦਾਰਿਆਂ ਦਾ ਬੰਦ ਰਹਿਣਾ ਅਤੇ ਹਾਈਵੇ ਤੇ ਘੱਟ ਆਵਾਜਾਈ ਇਸ ਬੰਦ ਦੀਆਂ ਮੁੱਖ ਤਸਵੀਰਾਂ ਰਹੀਆਂ। ਵੀਰਵਾਰ ਨੂੰ ਪੰਜਾਬ ਬੰਦ ਦੀ ਕਾਲ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਆਗੂਆਂ ਨੇ ਮੋਗਾ ਦੇ ਅਤੇ ਅਜੀਤਵਾਲ ਫਿਰੋਜ਼ਪੁਰ ਲੁਧਿਆਣਾ ਹਾਈਵੇ ਤੇ ਸਾਂਤਮਈ ਧਰਨੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਸੈਂਕੜੇ ਵਾਰਿਸ ਪੰਜਾਬ ਦੇ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਥਾਣਾ ਮਹਿਣਾ ਅਤੇ ਘੱਲ ਕਲਾਂ ਥਾਣੇ ‘ਚ ਨਜਰਬੰਦ ਕਰ ਦਿੱਤਾ। ਰੋਹ ‘ਚ ਆਈਆਂ ਜਥੇਬੰਦੀਆਂ ਨੇ ਬਆਦ ਦਪੁਹਿਰ ਮੋਗਾ ਦੇ ਥਾਣਾ ਘੱਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਜਰਬੰਦ ਕੀਤੇ ਸੈਂਕੜੇ ਆਗੂਆਂ ਨੂੰ ਛੁਡਾ ਲਿਆ। ਬੰਦ ਕਾਲ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇਦੇ ਹਾਜਰ ਸਨ।