ਨੌਜਵਾਨ ਦੀ ਲਾਸ਼ ਜਬਰੀ ਖੋਹੇ ਜਾਣ ਤੇ ਲੋਕਾਂ ਉੱਤੇ ਲਾਠੀਚਾਰਜ ਕਰਨ ਦੇ ਰੋਸ ਵਜੋਂ ਥਾਣਿਆਂ ਅੱਗੇ ਧਰਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ
Publish Date: Wed, 28 Oct 2026 07:43 PM (IST)
Updated Date: Thu, 29 Oct 2026 04:05 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ : ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਰਕੇ ਹੋਈ ਮੌਤ ਸਬੰਧੀ ਜਦੋਂ ਪਰਿਵਾਰ ਅਤੇ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਮਾਨਸਾ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁਕਮਾਂ ਤੇ ਉਸ ਦੀ ਲਾਸ਼ ਨੂੰ ਲੋਕਾਂ ਉੱਤੇ ਲਾਠੀਚਾਰਜ ਕਰਕੇ ਅਤੇ ਉਹਨਾਂ ਨੂੰ ਗਿਰਫ਼ਤਾਰ ਕਰਕੇ ਜ਼ਬਰੀ ਆਪਣੇ ਕਬਜ਼ੇ ਵਿੱਚ ਲੈ ਲਿਆ । ਜਿਸ ਸਬੰਧੀ ਪੰਜਾਬ ਭਰ ਵਿੱਚ ਲੋਕਾਂ ਅੰਦਰ ਇਸ ਪ੍ਰਤੀ ਰੋਸ ਦੀ ਲਹਿਰ ਫੈਲ ਗਈ । ਇਸ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਨਿਹਾਲ ਸਿੰਘ ਵਾਲਾ ਦੇ ਥਾਣਿਆਂ, ਥਾਣਾ ਬੱਧਨੀ ਕਲਾਂ ਅਤੇ ਥਾਣਾ ਨਿਹਾਲ ਸਿੰਘ ਵਾਲਾ ਅੱਗੇ ਧਰਨੇ ਦਿੱਤੇ ਗਏ। ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ , ਬੂਟਾ ਸਿੰਘ ਭਾਗੀਕੇ, ਕੇਵਲ ਕ੍ਰਿਸ਼ਨ ਬੱਧਨੀ ਕਲਾਂ, ਜੰਗੀਰ ਸਿੰਘ ਹਿੰਮਤਪੁਰਾ, ਸਰਬਜੀਤ ਸਿੰਘ ਖਾਈ, ਕਰਮਜੀਤ ਕੌਰ ਹਿੰਮਤਪੁਰਾ, ਜਗਜੀਤ ਸਿੰਘ ਬੱਧਨੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਦਰਸਨ ਸਿੰਘ ਹਿੰਮਤਪੁਰਾ ਆਦਿ ਨੇ ਕਿਹਾ ਕਿ ਜ਼ਬਰੀ ਲਾਸ਼ਾਂ ਨੂੰ ਖੋਹਣ ਦੀ ਜੋ ਰਵਾਇਤ ਮਾਨ ਸਰਕਾਰ ਪਾ ਰਹੀ ਹੈ, ਇਸ ਦਾ ਪੰਜਾਬ ਦੇ ਲੋਕਾਂ ਨੂੰ ਜ਼ਬਰਦਸਤ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਦੇ ਦੁੱਖ ਤਕਲੀਫ਼ ਸੁਣਨ ਤੋਂ ਸਿਰਫ਼ ਇਨਕਾਰ ਹੀ ਨਹੀਂ ਬਲਕਿ ਨੈਤਿਕਤਾ ਦੇ ਸਾਰੇ ਮਿਆਰਾਂ ਨੂੰ ਪੁਲਿਸ ਦੇ ਜ਼ੋਰ ਕੁਚਲ ਦੇਣਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਨ ਦਾ ਦਬਾਅ ਭਾਰਤੀ ਹਾਕਮ ਪਾਰਟੀਆਂ ਉੱਪਰ ਵੱਧ ਰਿਹਾ ਹੈ ਓਵੇਂ ਓਵੇਂ ਦੇਸ਼ ਦੀਆਂ ਸਰਕਾਰਾਂ ਨਿਸੰਗ ਹੋ ਕੇ ਲੋਕਾਂ ਨੂੰ ਆਪਣੇ ਨਾਦਰਸ਼ਾਹੀ ਤੇਬਰ ਦਿਖਾ ਰਹੀਆਂ ਹਨ। ਜਿਸ ਕਰਕੇ ਅੱਜ ਲੋਕਾਂ ਨੂੰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਅਸਲ ਵਿੱਚ ਸਰਕਾਰਾਂ ਸਾਮਰਾਜੀ ਦੇਸ਼ਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਕਿਸ ਹੱਦ ਤੱਕ ਜਾ ਰਹੀਆਂ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰਾਂ ਨੇ ਹੋਰ ਵੀ ਭੈੜੀ ਤਰ੍ਹਾਂ ਇਹਨਾਂ ਹੱਦਾਂ ਨੂੰ ਉਲੰਘਣਾ ਹੈ । ਝੋਨੇ ਦੀ ਵਢਾਈ ਦੇ ਜ਼ੋਰਦਾਰ ਕੰਮ ਰੁਝੇਵਿਆਂ ਦਰਮਿਆਨ ਵੀ ਕਿਸਾਨ ,ਔਰਤਾਂ ਇਹਨਾਂ ਧਰਨਿਆਂ ਚ ਸ਼ਾਮਿਲ ਹੋਏ। ਲੋਕਾਂ ਨੇ ਮੰਗ ਕੀਤੀ ਕਿ ਮਾਨਸਾ ਧਰਨੇ ਚੋਂ ਗ੍ਰਿਫਤਾਰ ਕੀਤੇ ਗਏ ਦਰਜਨ ਭਰ ਵਿਅਕਤੀਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਸਲੇ ਤੇ ਇਨਸਾਫ਼ ਦਿੱਤਾ ਜਾਵੇ ਅਤੇ ਨਸ਼ਿਆਂ ਦੀ ਮਾਰ ਰੋਕਣ ਲਈ ਅਹਿਮ ਫੈਸਲਾਕੁੰਨ ਕਦਮ ਚੁੱਕੇ ਜਾਣ। ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੀ ਮਾਰ ਨੂੰ ਰੋਕਣ ਦੇ ਠੋਸ ਕਦਮ ਲੈਣ ਦੀ ਥਾਂ ਸਿਰਫ ਨਸ਼ਿਆਂ ਵਿਰੁੱਧ ਯੁੱਧ ਨਾਂ ਦੀ ਦਿਖਾਵੇਬਾਜ਼ੀ ਕਰ ਰਹੀ ਹੈ ਤੇ ਨਸ਼ਿਆਂ ਦੇ ਹੱਲੇ ਖਿਲਾਫ ਆਵਾਜ਼ ਉਠਾਉਣ ਵਾਲੇ ਕਾਰਕੁਨਾਂ ਨੂੰ ਹੀ ਜਬਰ ਦਾ ਨਿਸ਼ਾਨਾ ਬਣਾ ਰਹੀ ਹੈ। ਇਥੋਂ ਤੱਕ ਕਿ ਪੁਲਿਸ ਮਾਪਿਆਂ ਤੋਂ ਲਾਸ਼ਾਂ ਖੋਹ ਕੇ ਜਬਰੀ ਸੰਸਕਾਰ ਕਰਨ ਦੀ ਸਿਰੇ ਦੀ ਧੱਕੜ ਰਵਾਇਤ ਕਾਇਮ ਕਰ ਰਹੀ ਹੈ। ਪੰਜਾਬ ਸਰਕਾਰ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਇੰਨੇ ਦਿਨ ਬੀਤ ਜਾਣ ਮਗਰੋਂ ਵੀ ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਪੁਲਿਸ-ਪ੍ਰਸ਼ਾਸਨਿਕ ਅਧਿਕਾਰੀਆਂ ਦੇ ਗੱਠਜੋੜ ਖਿਲਾਫ ਇਕ ਵੀ ਕਦਮ ਨਹੀਂ ਲਿਆ ਹੈ। ਰੋਜ਼ ਦਿਹਾੜੇ ਨੌਜਵਾਨਾਂ ਦੇ ਨਸ਼ਿਆਂ ਕਾਰਨ ਮਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਉਲਟਾ ਪੰਜਾਬ ਸਰਕਾਰ ਲੋਕਾਂ ਅੰਦਰ ਫ਼ੈਲ ਰਹੇ ਰੋਹ ਨੂੰ ਜ਼ਬਰ ਦੇ ਜ਼ੋਰ ਕੁਚਲਣ ਦੇ ਰਾਹ ਪੈ ਰਹੀ ਹੈ। ਸਮੱਸਿਆਵਾਂ ਦੇ ਨਿਪਟਾਰੇ ਦੀ ਥਾਂ ਸਾਰਾ ਦਾਰੋਮਦਾਰ ਪੁਲੀਸ ਜਬਰ ਤੇ ਹੈ। ਪੁਲਿਸ ਜਬਰ ਦੇ ਜ਼ੋਰ ਤੇ ਲੋਕਾਂ ਦਾ ਸੰਘਰਸ਼ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ। ਆਗੂਆਂ ਨੇ ਪੰਜਾਬ ਦੀਆਂ ਸਾਰੀਆਂ ਲੋਕ ਪੱਖੀ ਜਨਤਕ ਤੇ ਜਮਹੂਰੀ ਸ਼ਕਤੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪੰਜਾਬ ਸਰਕਾਰ ਦੇ ਇਸ ਜਾਬਰ ਰਵੱਈਏ ਖਿਲਾਫ ਡਟਣ ਤੇ ਸੰਘਰਸ਼ ਕਰਨ ਦੇ ਹੱਕ ਨੂੰ ਬੁਲੰਦ ਕਰਨ । ਜਿੰਨ੍ਹਾਂ ਚਿਰ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੱਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਹੇਠ ਲਿਖੀਆਂ ਮੰਗਾਂ ਲਾਗੂ ਕਰਨਾ ਦੀ ਮੰਗ ਕੀਤੀ। ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।