ਮਾਂ ਬਗਲਾਮੁਖੀ ਯੱਗਸ਼ਾਲਾ ਵਿਖੇ ਹਵਨ ਯੱਗ ਕਰਵਾਇਆ ਰਾਸ਼ਟਰੀ ਬਜਰੰਗ ਦਲ ਦੇ ਮੈਂਬਰਾਂ
Publish Date: Fri, 13 Nov 2026 03:17 PM (IST)
Updated Date: Fri, 13 Nov 2026 03:18 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਰਾਸ਼ਟਰੀ ਬਜਰੰਗ ਦਲ ਦੇ ਮੈਂਬਰਾਂ ਨੇ ਕੋਟਕਪੂਰਾ ਰੋਡ ਤੇ ਸਥਿਤ ਮਾਂ ਬਗਲਾਮੁਖੀ ਯੱਗਸ਼ਾਲਾ ਦਾ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਮਾਂ ਬਗਲਾਮੁਖੀ ਦੀ ਵਿਧੀਵਤ ਪੂਜਾ ਕੀਤੀ ਅਤੇ ਹਵਨ-ਯੱਗ ’ਚ ਆਹੂਤੀਆਂ ਪਾ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਆਚਾਰੀਆ ਨੰਦਲਾਲ ਸ਼ਰਮਾ ਨੇ ਮਾਂ ਬਗਲਾਮੁਖੀ ਦੀ ਪੂਜਾ ਅਤੇ ਹਵਨ-ਯੱਗ ਕਰਨ ਦੇ ਧਾਰਮਿਕ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਂ ਬਗਲਾਮੁਖੀ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਅਧਿਆਤਮਿਕ ਸ਼ਕਤੀ, ਸ਼ਾਂਤੀ, ਖੁਸ਼ੀ ਅਤੇ ਸਕਾਰਾਤਮਕ ਊਰਜਾ ਪ੍ਰਾਪਤ ਹੁੰਦੀ ਹੈ। ਆਚਾਰੀਆ ਨੰਦਲਾਲ ਸ਼ਰਮਾ ਨੇ ਅੱਗੇ ਦੱਸਿਆ ਕਿ ਮਾਂ ਬਗਲਾਮੁਖੀ ਯੱਗਸ਼ਾਲਾ ਵਿਚ ਹਰ ਵੀਰਵਾਰ ਨੂੰ ਹਵਨ-ਯੱਗ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਲਈ ਲੋੜੀਂਦੀ ਸਮੱਗਰੀ ਮੰਦਰ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਇਸ ਪਵਿੱਤਰ ਮਹਾਂ-ਯੱਗ ਵਿਚ ਹਿੱਸਾ ਲੈਣ ਅਤੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਯੱਗਸ਼ਾਲਾ ਵਿਚ ਆ ਸਕਦੇ ਹਨ। ਮਾਂ ਬਗਲਾਮੁਖੀ ਦਸ ਮਹਾਂਵਿਦਿਆਵਾਂ ’ਚੋਂ ਅੱਠਵੀਂ ਹਨ ਅਤੇ ਉਨ੍ਹਾਂ ਨੂੰ ਪੀਤਾਂਬਰਾ ਦੇਵੀ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਸ਼ਕਤੀ, ਜਿੱਤ ਅਤੇ ਸਾਹਸ ਦੀ ਦੇਵੀ ਵਜੋਂ ਪੂਜਿਆ ਜਾਂਦਾ ਹੈ, ਜਿੰਨ੍ਹਾਂ ਵਿਚ ਦੁਸ਼ਮਣਾਂ ਦੀਆਂ ਨਕਾਰਾਤਮਕ ਸ਼ਕਤੀਆਂ ਨੂੰ ਕਾਬੂ ਕਰਨ ਦੀ ਸਮਰੱਥਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਸ਼ੁੱਧ ਹਿਰਦੇ ਨਾਲ ਮਾਂ ਬਗਲਾਮੁਖੀ ਦੀ ਪੂਜਾ ਕਰਨ ਅਤੇ ਹਵਨ-ਯੱਗ ਵਿਚ ਭਾਗ ਲੈਣ ਨਾਲ ਸ਼ਰਧਾਲੂਆਂ ਨੂੰ ਮਾਨਸਿਕ ਸ਼ਾਂਤੀ, ਅੰਦਰੂਨੀ ਤਾਕਤ ਅਤੇ ਜੀਵਨ ਦੀਆਂ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨ ਦਾ ਹੌਂਸਲਾ ਪ੍ਰਾਪਤ ਹੁੰਦਾ ਹੈ। ਇਸ ਮੌਕੇ ਮਨੋਜ ਪ੍ਰਧਾਨ, ਰਾਜੇਸ਼ ਉੱਪ-ਪ੍ਰਧਾਨ, ਮੰਗਤ ਰਾਮ ਸ਼ਰਮਾ ਉੱਪ ਪ੍ਰਧਾਨ, ਮਨੋਜ ਸਕੱਤਰ, ਮਹੇਸ਼ ਬਾਂਸਲ, ਸੰਦੀਪ ਲਾਡਲਾ, ਸ਼ਿਆਮ ਮੋਂਗਾ, ਚੰਦਨ ਮੋਂਗਾ, ਦੀਪਕ ਬਜਾਜ, ਦੀਪਕ ਪੁਰੀ, ਇੰਦਰਜੀਤ ਰਾਹੀ, ਸਮਰਾਟ ਮਿੰਟੂ, ਜਾਵਨੂ, ਰੋਸ਼ਨੀ ਅਤੇ ਸੋਨੂੰ ਮਨਾਵਾਂ ਆਦਿ ਹਾਜ਼ਰ ਸਨ।