ਪਾਵਰਲਿਫਟਿੰਗ ’ਚ ਪ੍ਰਭਜੋਤ ਸਿੰਘ ਨੇ ਜਿੱਤਿਆ ਸੋਨੇ ਦਾ ਤਮਗਾ ਇਲਾਕੇ ਦੀ ਪ੍ਰਸਿੱਧ ਵਿੱਦਿਅਕ
Publish Date: Wed, 26 Aug 2026 03:43 PM (IST)
Updated Date: Wed, 26 Aug 2026 03:46 PM (IST)
455 ਕਿਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਐੱਸਐੱਫਸੀ ਕਾਨਵੈਂਟ ਸਕੂਲ, ਜਲਾਲਾਬਾਦ (ਪੂਰਬ), ਜੋ ਕਿ ਆਈ. ਸੀ. ਐੱਸਈ.ਬੋਰਡ, ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ, ਦੇ 12ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਪੰਜਾਬ ਸਕੂਲ ਖੇਡ ਮੁਕਾਬਲਿਆਂ ਵਿਚ ਪਾਵਰਲਿਫਟਿੰਗ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਭਜੋਤ ਸਿੰਘ ਨੇ 66 ਕਿੱਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲੈਂਦਿਆਂ ਕੁੱਲ 455 ਕਿੱਲੋਗ੍ਰਾਮ ਭਾਰ ਚੁੱਕ ਕੇ ਪਹਿਲਾ ਸਥਾਨ ਹਾਸਲ ਕੀਤਾ। ਇਹ ਖੇਡ ਮੁਕਾਬਲਾ ਬਲੂਮਿੰਗ ਬਡਜ਼ ਸਕੂਲ, ਮੋਗਾ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਭਜੋਤ ਸਿੰਘ ਨੇ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਨਾਲ ਮੁਕਾਬਲੇ ਵਿਚ ਬਾਜ਼ੀ ਮਾਰਦਿਆਂ ਸੋਨੇ ਦਾ ਤਮਗਾ ਅਤੇ ਸਰਟੀਫ਼ਿਕੇਟ ਆਪਣੇ ਨਾਮ ਕੀਤਾ। ਪ੍ਰਭਜੋਤ ਸਿੰਘ ਦੀ ਇਸ ਕਾਮਯਾਬੀ ਪਿੱਛੇ ਉਸ ਦੀ ਸਖ਼ਤ ਮਿਹਨਤ, ਲਗਨ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਦਾ ਅਹਿਮ ਯੋਗਦਾਨ ਰਿਹਾ। ਉਸ ਨੇ ਖੇਡ ਦੇ ਨਾਲ-ਨਾਲ ਆਪਣੀ ਪੜ੍ਹਾਈ ਨੂੰ ਵੀ ਮਹੱਤਵ ਦਿੰਦਿਆਂ ਇਹ ਸਾਬਤ ਕੀਤਾ ਹੈ ਕਿ ਜੇਕਰ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਕਿਸੇ ਟੀਚੇ ਵੱਲ ਵਧਿਆ ਜਾਵੇ ਤਾਂ ਸਫ਼ਲਤਾ ਜ਼ਰੂਰ ਹਾਸਲ ਹੁੰਦੀ ਹੈ। ਉਸ ਦੀ ਇਸ ਉਪਲਬਧੀ ਨਾਲ ਸਕੂਲ ਦੇ ਅਧਿਆਪਕਾਂ, ਸਾਥੀ ਵਿਦਿਆਰਥੀਆਂ ਅਤੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨੀਸ਼ਾ ਕੌਸ਼ਿਕ ਨੇ ਪ੍ਰਭਜੋਤ ਸਿੰਘ ਨੂੰ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਭਾਗ ਲੈਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਨੂੰ ਮਜ਼ਬੂਤ ਕਰਦੀਆਂ ਹਨ, ਸਗੋਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ, ਹੌਸਲਾ ਅਤੇ ਟੀਚੇ ਪ੍ਰਤੀ ਦ੍ਰਿੜ੍ਹਤਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਪ੍ਰਭਜੋਤ ਸਿੰਘ ਦੀ ਪ੍ਰਾਪਤੀ ਤੋਂ ਪ੍ਰੇਰਣਾ ਲੈ ਕੇ ਖੇਡਾਂ ਅਤੇ ਹੋਰ ਸਹਿ-ਵਿਦਿਅਕ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਖੇਤਰ ਵਿਚ ਸਫ਼ਲਤਾ ਹਾਸਲ ਕਰਨ ਲਈ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਸਭ ਤੋਂ ਮਹੱਤਵਪੂਰਨ ਹਨ। ਇਸ ਮੌਕੇ ਸਕੂਲ ਦੇ ਸੀਐੱਮਡੀ ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਅਤੇ ਸਰੋਜ ਰਾਣੀ ਜਿੰਦਲ ਨੇ ਵੀ ਪ੍ਰਭਜੋਤ ਸਿੰਘ ਦੀ ਇਸ ਸ਼ਾਨਦਾਰ ਉਪਲਬਧੀ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਪ੍ਰਭਜੋਤ ਸਿੰਘ, ਉਸ ਦੇ ਮਾਤਾ-ਪਿਤਾ, ਅਧਿਆਪਕਾਂ ਅਤੇ ਸਮੂਹ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।