ਗੁਰਘਰ ਵਿਖੇ ਪੁਲਿਸ ਦਾ ਦਾਖ਼ਲ ਹੋਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ : ਜਥੇਦਾਰ ਰਣਸੀਂਹ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ
Publish Date: Tue, 13 Oct 2026 06:47 PM (IST)
Updated Date: Wed, 14 Oct 2026 04:06 AM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਉੱਤੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਚ ਪੁਲਿਸ ਦਾ ਦਾਖ਼ਲ ਹੋਣਾ ਬੇਹੱਦ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿਚ ਭਾਈ ਤਜਿੰਦਰਪਾਲ ਸਿੰਘ ਟਿੰਮਾ ਨੂੰ ਕਥਿਤ ਝੂਠੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਤਹਿਤ ਗੁਰਦੁਆਰਾ ਸਾਹਿਬ ਵਿਚ ਪੁਲਿਸ ਦਾਖ਼ਲ ਹੋਣ ਅਤੇ ਦਿੱਲੀ ਵਿਚ ਵੀ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਦੀ ਕਾਰਵਾਈ ਨੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਥੇਦਾਰ ਬੂਟਾ ਸਿੰਘ, ਰਣ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਿੱਖ ਕੌਮ ਲਈ ਅਤਿ ਸਤਿਕਾਰਯੋਗ ਧਾਰਮਿਕ ਅਸਥਾਨ ਹਨ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿਚ ਵੱਖ-ਵੱਖ ਧਰਮਾਂ ਦੇ ਭਗਤਾਂ, ਸੰਤਾਂ ਅਤੇ ਫਕੀਰਾਂ ਦੀ ਬਾਣੀ ਦਰਜ ਹੈ, ਜੋ ਸਮੁੱਚੀ ਮਨੁੱਖਤਾ ਨੂੰ ਆਪਸੀ ਸਾਂਝ, ਬਰਾਬਰੀ, ਸਹਿਣਸ਼ੀਲਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪਵਿੱਤਰ ਅਸਥਾਨਾਂ ਵਿਚ ਪੁਲਿਸ ਦੀ ਦਖ਼ਲਅੰਦਾਜ਼ੀ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੀ ਹੈ। ਸਰਕਾਰਾਂ ਨੂੰ ਅਜਿਹੇ ਮਾਮਲਿਆਂ ਵਿਚ ਪੂਰੀ ਸੰਜੀਦਗੀ ਅਤੇ ਸੂਝਬੂਝ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਆਗੂ ਅਕਸਰ ਕਾਂਗਰਸ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹਨ ਪਰ ਜਦੋਂ ਸਿੱਖ ਕੌਮ ਨਾਲ ਸਬੰਧਤ ਮਸਲਿਆਂ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਦੀਆਂ ਸਰਕਾਰਾਂ ਦੀਆਂ ਕਾਰਵਾਈਆਂ ਵੀ ਸਿੱਖਾਂ ਵਿਚ ਨਿਰਾਸ਼ਾ ਪੈਦਾ ਕਰਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਦੌਰ ਵਿਚ ਸਿੱਖਾਂ ਅਤੇ ਪੰਜਾਬੀਆਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ ਅਤੇ ਸਿੱਖ ਕੌਮ ਨੂੰ ਕਈ ਗੰਭੀਰ ਦੁਖਾਂਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਰਾਜ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਘਰਾਂ ਤੋਂ ਚੁੱਕਿਆ ਗਿਆ, ਤਸ਼ੱਦਦ ਕੀਤਾ ਗਿਆ ਅਤੇ ਕਈਆਂ ਦੀਆਂ ਜਾਨਾਂ ਗਈਆਂ, ਜਦਕਿ ਕੁਝ ਲੋਕ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ। ਉਨ੍ਹਾਂ ਨੇ ਰਾਜਸਥਾਨ ਵਿਚ ਭਾਈ ਤਜਿੰਦਰਪਾਲ ਸਿੰਘ ਟਿੰਮਾ ਨਾਲ ਸਬੰਧਤ ਮਾਮਲੇ ਅਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਚ ਪੁਲਿਸ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਕਿਸੇ ਵੀ ਕਾਨੂੰਨੀ ਕਾਰਵਾਈ ਦੌਰਾਨ ਸਿੱਖ ਧਾਰਮਿਕ ਮਰਿਆਦਾਵਾਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਅੰਤ ਵਿਚ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਅਪਣਾਉਣਾ ਚਾਹੀਦਾ ਹੈ ਅਤੇ ਗੁਰਦੁਆਰਾ ਸਾਹਿਬਾਨ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਜਥੇਦਾਰ ਬੂਟਾ ਸਿੰਘ ਰਣ ਸਿੰਘ ਦੇ ਨਾਲ ਭਾਈ ਹਰਪ੍ਰੀਤ ਸਿੰਘ ਧੱਲੇਕੇ, ਪ੍ਰੈੱਸ ਸਕੱਤਰ ਜ਼ਿਲ੍ਹਾ ਮੋਗਾ, ਭਾਈ ਬਲਦੇਵ ਸਿੰਘ ਲੰਡੇ, ਭਾਈ ਅਮਰਜੀਤ ਸਿੰਘ ਦਾਦਰ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਜਥੇਦਾਰ ਕਰੋੜ ਸਿੰਘ ਤਲਵੰਡੀ ਅਤੇ ਜਥੇਦਾਰ ਪਰਮਜੀਤ ਸਿੰਘ ਧੱਲੇਕੇ ਹਾਜ਼ਰ ਸਨ।