- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਾਬਕਾ ਸੂਬਾਈ ਆਗੂ ਬਲਵੰਤ ਸਿੰਘ ਬਾਘਾਪੁਰਾਣਾ ਦੀ ਪਹਿਲੀ ਬਰਸੀ ਮੌਕੇ ਸਥਾਨਕ ਦਾਣਾ ਮੰਡੀ 'ਚ ਜੁੜੇ ਇਕੱਠ ਵੱਲੋਂ ਨਿੱਜੀਕਰਨ ਦੇ ਤਾਜ਼ਾ ਕਦਮਾਂ ਖਿਲਾਫ ਸਾਂਝੇ ਘੋਲਾਂ ਨੂੰ ਤੇਜ਼ ਕਰਨ ਦਾ ਅਹਿਦ ਲਿਆ ਗਿਆ। ਵਰਨਣਯੋਗ ਹੈ ਕਿ ਬਲਵੰਤ ਸਿੰਘ ਬਾਘਾਪੁਰਾਣਾ ਪਿਛਲੇ ਵਰ੍ਹੇ ਕੈਂਸਰ ਦੀ ਨੁਮਰਾਦ ਬਿਮਾਰੀ ਕਾਰਨ ਸੰਘਰਸ਼ ਕਾਫ਼ਲੇ ਨੂੰ ਵਿਛੋੜਾ ਦੇ ਗਏ ਸਨ। ਅੱਜ ਉਨ੍ਹਾਂ ਦੀ ਪਹਿਲੀ ਬਰਸੀ ਮੌਕੇ ਦਾਣਾ ਮੰਡੀ ਬਾਘਾ ਪੁਰਾਣਾ ਵਿਖੇ ਖੇਤ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਪੈਨਸ਼ਨਰਾਂ ਅਤੇ ਔਰਤਾਂ ਦੇ ਭਰਵੇਂ ਇਕੱਠ ਵੱਲੋਂ ਖੜ੍ਹੇ ਹੋ ਕੇ 2 ਮਿੰਟ ਮੌਨ ਰੱਖ ਕੇ ਮਰਹੂਮ ਆਗੂ ਬਲਵੰਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਸ਼ਰਧਾਂਜਲੀ ਸਮਾਗਮ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਇਨਕਲਾਬੀ ਜਮਹੂਰੀ ਫਰੰਟ ਪੰਜਾਬ ਦੇ ਸੁਖਵੰਤ ਸਿੰਘ ਸੇਖੋਂ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਆਗੂ ਚੰਦਰ ਸ਼ਰਮਾ, ਬੀਕੇਯੂ ਏਕਤਾ ਉਗਰਾਹਾਂ ਦੇ ਬਲੌਰ ਸਿੰਘ ਘੱਲ ਕਲਾਂ, ਔਰਤ ਆਗੂ ਕੁਲਦੀਪ ਕੌਰ ਕੁੱਸਾ ਤੇ ਮੇਜ਼ਰ ਸਿੰਘ ਕਾਲੇਕੇ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਇਨਕਲਾਬੀ ਜਮਹੂਰੀ ਫਰੰਟ ਦੇ ਆਗੂ ਸੁਖਵੰਤ ਸਿੰਘ ਸੇਖੋਂ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਾਮਰਾਜੀ ਮੁਲਕਾਂ ਤੇ ਸੰਸਥਾਵਾਂ ਦੇ ਨਿਰਦੇਸ਼ਾਂ ਤਹਿਤ ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰਾਂ ਵੱਲੋਂ ਕੀਤੀ ਜਾਂਦੀ ਅੰਨ੍ਹੀ ਲੁੱਟ ਨੂੰ ਹੋਰ ਤੇਜ਼ ਕਰਨ ਲਈ ਬਿਜਲੀ ਬੋਰਡ ਸਮੇਤ ਹੋਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ 'ਚ ਸੌਂਪਣ, ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ 2025 ਲਿਆਉਣ, ਲੇਬਰ ਕਾਨੂੰਨਾਂ ਚ ਸੋਧਾਂ ਕਰਨ ਅਤੇ ਮਨਰੇਗਾ ਦੀ ਥਾਂ ਜੀ ਰਾਮ ਜੀ ਕਾਨੂੰਨ ਲਿਆਉਣ ਅਤੇ ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਵਰਗੇ ਕਦਮਾਂ ਨੂੰ ਠੱਲ੍ਹ ਪਾਉਣ ਲਈ ਵਿਸ਼ਾਲ ਸਾਂਝੇ ਤੇ ਸਿਰੜੀ ਘੋਲਾਂ ਨੂੰ ਤੇਜ਼ ਕਰਨਾ ਹੀ ਬਲਵੰਤ ਸਿੰਘ ਬਾਘਾਪੁਰਾਣਾ ਨੂੰ ਸੱਚੀ ਸ਼ਰਧਾਂਜ਼ਲੀ ਹੈ। ਉਨ੍ਹਾਂ ਕਿਹਾ ਬਲਵੰਤ ਸਿੰਘ ਨੇ ਸ਼ਹੀਦ ਭਗਤ ਸਿੰਘ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਖੇਤ ਮਜ਼ਦੂਰਾਂ, ਮੁਲਾਜ਼ਮਾਂ , ਔਰਤਾਂ ਤੇ ਕਿਸਾਨਾਂ ਦੀ ਪੁੱਗਤ ਸਥਾਪਤੀ ਲਈ ਲੰਮੀ ਘਾਲਣਾ ਘਾਲੀ। ਉਨ੍ਹਾਂ ਕਿਹਾ ਬਲਵੰਤ ਸਿੰਘ ਨੇ ਬਿਜਲੀ ਮਹਿਕਮੇ 'ਚ ਕੰਮ ਕਰਦਿਆਂ ਮੁਲਾਜ਼ਮਾਂ ਦੀਆਂ ਬੇਹਤਰ ਕੰਮ ਹਾਲਤਾਂ ਲਈ ਅਨੇਕਾਂ ਸ਼ਾਨਾਮੱਤੇ ਘੋਲਾਂ ਦੀ ਅਗਵਾਈ ਕੀਤੀ ਅਤੇ ਹਕੂਮਤੀ ਤੇ ਫਿਰਕੂ ਦਹਿਸ਼ਤਗਰਦੀ ਦੇ ਖਿਲਾਫ ਸੰਘਰਸ਼ 'ਚ ਅਹਿਮ ਯੋਗਦਾਨ ਪਾਇਆ। ਬੁਲਾਰਿਆਂ ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਉਪਰ ਆਰਥਿਕ ਧਾਵਾ ਬੋਲਣ ਤੋਂ ਇਲਾਵਾ ਲੋਕਾਂ ਦੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦੇ ਉਤੇ ਵੀ ਜਾਬਰ ਧਾਵਾ ਵਿੱਢਿਆ ਹੋਇਆ। ਆਗੂਆਂ ਨੇ ਕਿਹਾ ਕਿ ਇਸ ਹਾਲਤ ਵਿਚ ਸੰਘਰਸ਼ਾਂ ਦੀ ਅਗਵਾਈ ਕਰਨ ਲਈ ਬਲਵੰਤ ਸਿੰਘ ਵਰਗੇ ਵਿਚਾਰਧਾਰਕ ਤੌਰ 'ਤੇ ਪਰਪੱਕ, ਦ੍ਰਿੜ ਇਰਾਦੇ ਵਾਲੇ ਨਿਧੱੜਕ ਤੇ ਅਣਥਕ ਆਗੂਆਂ ਦੀ ਬੇਹੱਦ ਲੋੜ ਹੈ। ਬਲਵੰਤ ਸਿੰਘ ਦੇ ਵਿਛੋੜੇ ਨਾਲ ਆਗੂ ਪਰਤਾਂ 'ਚ ਪਏ ਪਾੜੇ ਨੂੰ ਪੂਰਨ ਲਈ ਸਾਰੇ ਆਗੂਆਂ ਅਤੇ ਸਰਗਰਮ ਸਾਥੀਆਂ ਨੂੰ ਆਪਣੀ ਚੇਤਨਾ ਹੋਰ ਵਿਕਸਤ ਕਰਕੇ ਬਲਵੰਤ ਸਿੰਘ ਵਰਗੇ ਆਗੂ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ। ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਚੀਫ ਆਰਗੇਨਾਈਜਰ ਭੁਪਿੰਦਰ ਬਿਟੂ ਅਤੇ ਸਰਕਲ ਬਠਿੰਡਾ ਦੇ ਸਕੱਤਰ ਸਤਵਿੰਦਰ ਸਿੰਘ, ਫਰੀਦਕੋਟ ਸਰਕਲ ਦੇ ਪ੍ਰਧਾਨ ਸਵਰਨ ਸਿੰਘ ਔਲਖ, ਸਕੱਤਰ ਕਮਲੇਸ਼ ਕੁਮਾਰ, ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ ਮੰਡਲ ਬਠਿੰਡਾ ਦੇ ਸਕੱਤਰ ਰੂਪ ਸਿੰਘ ਗਿੱਲ ਪੱਤੀ ਤੇ ਅਬੋਹਰ ਦੇ ਸਕੱਤਰ ਰਜਿੰਦਰ ਕੁਮਾਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਗੁਰਮੀਤ ਸਿੰਘ ਕਿਸ਼ਨਪੁਰਾ, ਸਾਬਕਾ ਪਿ੍ਸੀਪਲ ਰਣਧੀਰ ਸਿੰਘ ਗਿੱਲ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਗੁਰਪਾਲ ਸਿੰਘ ਨੰਗਲ, ਦਰਸ਼ਨ ਸਿੰਘ ਹਿੰਮਤਪੁਰਾ,ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਸੁਰਿੰਦਰ ਰਾਮ ਕੁੱਸਾ ਵੱਲੋਂ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਜਨਤਕ ਜਥੇਬੰਦੀਆਂ ਦੇ ਹੋਰ ਵੀ ਆਗੂ ਤੇ ਵਰਕਰ ਵੱਡੀ ਗਿਣਤੀ 'ਚ ਮੌਜੂਦ ਸਨ।