- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਤਹਿਤ ਸਕੂਲ ਦੀ ਹੋਣਹਾਰ ਖਿਡਾਰਨ ਗੁਰਲੀਨ ਕੌਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸਟੇਟ ਪੱਧਰੀ ਸ਼ਤਰੰਜ ਮੁਕਾਬਲਿਆਂ ਵਿਚ ਸਿਲਵਰ ਮੈਡਲ ਜਿੱਤ ਕੇ ਸਕੂਲ ਅਤੇ ਮੋਗਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਜਲੰਧਰ ਵਿਖੇ ਕਰਵਾਏ ਗਏ ਇੰਨ੍ਹਾਂ ਰਾਜ ਪੱਧਰੀ ਸ਼ਤਰੰਜ ਮੁਕਾਬਲਿਆਂ ’ਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਖਿਡਾਰੀਆਂ ਨੇ ਭਾਗ ਲਿਆ। ਸਕੂਲ ਦੀ ਬਾਰ੍ਹਵੀਂ ਕਾਮਰਸ ਜਮਾਤ ਦੀ ਵਿਦਿਆਰਥਣ ਗੁਰਲੀਨ ਕੌਰ ਨੇ ਆਪਣੀ ਬਿਹਤਰੀਨ ਖੇਡ, ਸੂਝ-ਬੂਝ ਅਤੇ ਰਣਨੀਤਕ ਸੋਚ ਦਾ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ ਅਤੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਲਈ ਉਸ ਨੂੰ 7,000 ਰੁਪਏ ਦਾ ਨਕਦ ਇਨਾਮ ਵੀ ਪ੍ਰਦਾਨ ਕੀਤਾ ਗਿਆ। ਗੁਰਲੀਨ ਕੌਰ ਨੇ ਮੋਗਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਦਿਆਂ ਜਲੰਧਰ, ਲੁਧਿਆਣਾ, ਮੋਹਾਲੀ ਅਤੇ ਮੋਗਾ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲਿਆਂ ਵਿਚ ਅੰਕਾਂ ਦੇ ਆਧਾਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਸਵੇਰ ਦੀ ਸਭਾ ਦੌਰਾਨ ਉਸ ਨੂੰ ਵਿਸ਼ੇਸ਼ ਤੌਰ ’ਤੇ ਸਟੇਜ ’ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ। ਗੁਰਲੀਨ ਕੌਰ ਨੂੰ ਸਿਲਵਰ ਮੈਡਲ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਨੇ ਗੁਰਲੀਨ ਕੌਰ ਨੂੰ ਇਸ ਸ਼ਾਨਦਾਰ ਸਫ਼ਲਤਾ ਲਈ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਚੇਅਰਪਰਸਨ ਕਮਲ ਸੈਣੀ ਨੇ ਕਿਹਾ ਕਿ ਗੁਰਲੀਨ ਕੌਰ ਦੀ ਇਹ ਪ੍ਰਾਪਤੀ ਉਸ ਦੀ ਮਿਹਨਤ, ਲਗਨ ਅਤੇ ਕੋਚ ਕੇਪੀ ਸ਼ਰਮਾ ਦੀ ਅਗਵਾਈ ਹੇਠ ਮਿਲੀ ਸਿਖਲਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਇਕਾਗਰਤਾ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਵਿਕਸਿਤ ਕਰਦੀਆਂ ਹਨ। ਅੱਜ ਦੇ ਇਹੀ ਹੋਣਹਾਰ ਖਿਡਾਰੀ ਭਵਿੱਖ ਵਿਚ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਵਿਦਿਆਰਥੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਉੱਚ ਪੱਧਰ ਤੱਕ ਪਹੁੰਚਾਉਣ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਸਮੁੱਚੇ ਸਪੋਰਟਸ ਸਟਾਫ਼ ਨੂੰ ਵੀ ਵਧਾਈ ਦਿੱਤੀ, ਜਿੰਨ੍ਹਾਂ ਦੀ ਮਿਹਨਤ ਅਤੇ ਸਮਰਪਣ ਸਦਕਾ ਵਿਦਿਆਰਥੀ ਖੇਡਾਂ ਦੇ ਖੇਤਰ ਵਿਚ ਨਵੀਆਂ ਉਚਾਈਆਂ ਹਾਸਲ ਕਰ ਰਹੇ ਹਨ।