- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਸੀ ਮੋਗਾ ਸਾਗਰ ਸੇਤੀਆ ਦੇ ਆਦੇਸ਼ਾਂ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਡੀਸੀ ਮੋਗਾ ਸਾਗਰ ਸੇਤੀਆ ਦੇ ਆਦੇਸ਼ਾਂ, ਜ਼ਿਲ੍ਹਾ ਸਿੱਖ਼ਿਆ ਅਫ਼ਸਰ (ਸ) ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖ਼ਿਆ ਅਫ਼ਸਰ ਗੁਰਦਿਆਲ ਸਿੰਘ ਮਠਾੜੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਵਰ ਸਿੱਖ਼ਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਸੁਲਘਦੀ ਧਰਤੀ ਨੁੱਕੜ ਨਾਟਕ ਖੇਡਿਆ ਗਿਆ। ਟੀਮ ਥੀਏਟਰ ਜ਼ਿੰਦਾਬਾਦ ਨਿਹਾਲ ਸਿੰਘ ਵਾਲਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਦੇ ਲੇਖਕ ਬਲਰਾਜ ਸਾਗਰ ਹਨ। ਨਾਮੀ ਨਿਰਦੇਸ਼ਕ ਤੇ ਰੰਗਕਰਮੀ ਸੁਖਦੇਵ ਲੱਧੜ ਅਤੇ ਨਵਪ੍ਰੀਤ ਗਿੱਲ ਨੇ ਆਪਣੇ ਹਿੱਸੇ ਆਏ ਪਾਤਰਾਂ ਨਾਲ ਪੂਰਾ ਇਨਸਾਫ ਕੀਤਾ। ਇਸ ਦੌਰਾਨ ਸਮਾਜ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਨ, ਵਧੀਆਂ ਹੋਈਆਂ ਲੁੱਟਾਂ ਖੋਹਾਂ, ਮਾਪਿਆਂ ਦੇ ਹੋ ਰਹੇ ਨਿਰਾਦਰ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਅਲਾਮਤਾਂ ’ਤੇ ਕਰਾਰੀਆਂ ਚੋਟਾਂ ਕੀਤੀਆਂ ਗਈਆਂ। ਪ੍ਰਿੰਸੀਪਲ ਗੁਰਪ੍ਰੀਤ ਕੌਰ, ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਅਤੇ ਸਮੁੱਚੇ ਸਟਾਫ਼ ਨੇ ਨਾਟਕ ਟੀਮ ਦੀ ਸਫ਼ਲ ਪੇਸ਼ਕਾਰੀ ਦੀ ਭਰਵੀਂ ਸਰਾਹਣਾ ਕੀਤੀ। ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਆਪਣੇ ਪੈਗ਼ਾਮ ਵਿਚ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਲੇ ਅਜਿਹੇ ਨਾਟਕਾਂ ਦੀ ਅਜੋਕੇ ਸਮੇਂ ਵਿਚ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਚੇਤਨ ਨੌਜਵਾਨ ਹੀ ਸਮਾਜ ਵਿਚ ਫੈਲੇ ਨਸ਼ਿਆਂ ਦੇ ਮੱਕੜਜਾਲ ਨੂੰ ਤੋੜ ਸਕਦੇ ਹਨ।