- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੀ ਦਾਣਾ ਮੰਡੀ ਵਿਚ ਝੋਨੇ ਦੀ

6.50 ਲੱਖ ਗੱਟੇ ਚੁਕਾਈ ਦੀ ਉਡੀਕ 'ਚ, 72 ਘੰਟਿਆਂ ’ਚ ਲਿਫਟਿੰਗ ਦਾ ਹੈ ਨਿਯਮ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਦੀ ਦਾਣਾ ਮੰਡੀ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਜਾਰੀ ਹੋਣ ਦੇ ਬਾਵਜੂਦ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਲਿਫਟਿੰਗ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ। ਮੌਜੂਦਾ ਸਮੇਂ ਮੋਗਾ ਦੀ ਦਾਣਾ ਮੰਡੀ ਵਿਚ ਕਰੀਬ 6 ਲੱਖ 50 ਹਜ਼ਾਰ ਗੱਟੇ ਝੋਨਾ ਚੁਕਾਈ ਦੀ ਉਡੀਕ ਕਰ ਰਹੇ ਹਨ। ਮੰਡੀ ਨਾਲ ਜੁੜੇ ਲੋਕਾਂ ਅਨੁਸਾਰ ਇਕ ਗੱਟੇ ਵਿਚ 37 ਕਿੱਲੋ 500 ਗ੍ਰਾਮ ਝੋਨਾ ਹੁੰਦਾ ਹੈ। ਮੋਗਾ ਦੀ ਦਾਣਾ ਮੰਡੀ ਵਿਚ ਹੁਣ ਤੱਕ 32 ਲੱਖ ਤੋਂ ਵੱਧ ਗੱਟਿਆਂ ਦੀ ਖ਼ਰੀਦ ਹੋ ਚੁੱਕੀ ਹੈ ਪਰ ਲਿਫ਼ਟਿੰਗ ਦੀ ਰਫ਼ਤਾਰ ਹੌਲੀ ਹੋਣ ਕਾਰਨ ਪੂਰੀ ਮੰਡੀ ਬੋਰੀਆਂ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ। ਮੰਡੀ ਦੇ ਆੜ੍ਹਤ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਕਰਨ ਤੋਂ ਬਾਅਦ ਵੀ ਮਾਲ ਦੀ ਸੁਰੱਖਿਆ ਅਤੇ ਉਸ ਨਾਲ ਜੁੜੀ ਜ਼ਿੰਮੇਵਾਰੀ ਆੜ੍ਹਤੀਆਂ ਸਿਰ ਪਾ ਦਿੱਤੀ ਜਾਂਦੀ ਹੈ ਜਦਕਿ ਖ਼ਰੀਦ ਤੋਂ ਬਾਅਦ ਨਿਰਧਾਰਤ ਸਮੇਂ ਅੰਦਰ ਝੋਨੇ ਦੀ ਚੁਕਾਈ ਕਰਵਾਉਣਾ ਸਬੰਧਤ ਸਰਕਾਰੀ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਨਿਯਮਾਂ ਅਨੁਸਾਰ ਖ਼ਰੀਦ ਤੋਂ ਬਾਅਦ 72 ਘੰਟਿਆਂ ਦੇ ਅੰਦਰ ਮੰਡੀ ਵਿਚੋਂ ਮਾਲ ਚੁੱਕਿਆ ਜਾਣਾ ਚਾਹੀਦਾ ਹੈ ਪਰ ਮੋਗਾ ਦੀ ਦਾਣਾ ਮੰਡੀ ਵਿਚ 15 ਤੋਂ 20 ਦਿਨ ਪਹਿਲਾਂ ਖਰੀਦਿਆ ਗਿਆ ਝੋਨਾ ਵੀ ਅਜੇ ਤੱਕ ਚੁੱਕਿਆ ਨਹੀਂ ਗਿਆ।
ਕਈ ਇਲਾਕਿਆਂ ਤੋਂ ਅਜੇ ਵੀ ਮੰਡੀ ਪਹੁੰਚ ਰਿਹਾ ਹੈ ਝੋਨਾ
ਮੋਗਾ ਜ਼ਿਲ੍ਹੇ ਦੇ ਲੁਧਿਆਣਾ ਰੋਡ ਨਾਲ ਲੱਗਦੇ ਕੁੱਝ ਪਿੰਡਾਂ, ਧਰਮਪੁਰਾ ਇਲਾਕੇ ਅਤੇ ਬੁੱਘੀਪੁਰਾ, ਕੁੰਮਰੀ, ਚੂਹੜਚੱਕ ਸਮੇਤ ਹੋਰ ਪਿੰਡਾਂ ਤੋਂ ਅਜੇ ਵੀ ਝੋਨੇ ਦੀ ਫ਼ਸਲ ਮੰਡੀ ਵਿਚ ਪਹੁੰਚ ਰਹੀ ਹੈ। ਜਾਣਕਾਰਾਂ ਅਨੁਸਾਰ ਕੁਝ ਇਲਾਕਿਆਂ ਵਿਚ ਝੋਨੇ ਦੀ ਬਿਜਾਈ ਦੇਰੀ ਨਾਲ ਹੋਣ ਕਾਰਨ ਫ਼ਸਲ ਦੀ ਕਟਾਈ ਵੀ ਦੇਰ ਨਾਲ ਹੋਈ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਨੇ ਫ਼ਸਲ ਕੱਟ ਕੇ ਸਟੋਰ ਕਰ ਲਈ ਸੀ ਅਤੇ ਕਣਕ ਦੀ ਬਿਜਾਈ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਹੁਣ ਆਪਣੀ ਫ਼ਸਲ ਮੰਡੀ ਵਿਚ ਲਿਆ ਰਹੇ ਹਨ।
ਤਿੰਨ ਦਿਨ ਪਹਿਲਾਂ ਅਚਾਨਕ ਬੰਦ ਕਰ ਦਿੱਤੀ ਸੀ ਖ਼ਰੀਦ
ਮੋਗਾ ਦੀ ਦਾਣਾ ਮੰਡੀ ਵਿਚ ਉਸ ਸਮੇਂ ਹੋਰ ਮੁਸ਼ਕਲ ਪੈਦਾ ਹੋ ਗਈ ਸੀ, ਜਦੋਂ ਪਨਸਪ ਸਮੇਤ ਸਾਰੀਆਂ ਸਰਕਾਰੀ ਖ਼ਰੀਦ ਏਜੰਸੀਆਂ ਨੇ ਤਿੰਨ ਦਿਨ ਪਹਿਲਾਂ ਅਚਾਨਕ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਸੀ। ਇਸ ਕਾਰਨ ਮੰਡੀ ਵਿਚ ਆਪਣੀ ਫ਼ਸਲ ਲੈ ਕੇ ਪਹੁੰਚ ਰਹੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਮੋਗਾ ਦੇ ਆੜ੍ਹਤੀਆਂ ਨੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਅਤੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨਾਲ ਸੰਪਰਕ ਕਰਕੇ ਮੰਡੀ ਦੀ ਅਸਲ ਸਥਿਤੀ ਤੋਂ ਜਾਣੂੰ ਕਰਵਾਇਆ। ਦੋਵਾਂ ਦੇ ਦਖ਼ਲ ਤੋਂ ਬਾਅਦ ਸਰਕਾਰੀ ਏਜੰਸੀਆਂ ਵੱਲੋਂ ਮੁੜ ਖ਼ਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
-----
ਕੋਟ
ਲਿਫਟਿੰਗ ਵਿਚ ਦੇਰੀ ਕਾਰਨ ਆੜ੍ਹਤੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਮੰਡੀ ਵਿਚ ਪਏ ਝੋਨੇ 'ਤੇ ਮੀਂਹ ਪੈ ਜਾਂਦਾ ਹੈ ਜਾਂ ਤੇਜ਼ ਧੁੱਪ ਕਾਰਨ ਝੋਨਾ ਸੁੰਗੜ ਜਾਂਦਾ ਹੈ ਤਾਂ ਇਸ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਵੀ ਆੜ੍ਹਤੀਆਂ 'ਤੇ ਪਾ ਦਿੱਤੀ ਜਾਂਦੀ ਹੈ।
-ਪ੍ਰਧਾਨ ਸਮੀਰ ਜੈਨ, ਆੜ੍ਹਤੀਆ ਐਸੋਸੀਏਸ਼ਨ ਮੋਗਾ।