- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡਾਂ ’ਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ

ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ ਮੋਗਾ: ਪਿੰਡਾਂ ’ਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਕੀਤੇ ਜਾਂਦੇ ਦਾਅਵਿਆਂ ਦੀ ਹਕੀਕਤ ਉਸ ਸਮੇਂ ਸਾਹਮਣੇ ਆਉਂਦੀ ਹੈ, ਜਦੋਂ ਪਿੰਡ ਵਿਚ ਦਾਖਲ ਹੁੰਦਿਆਂ ਹੀ ਸੜਕਾਂ ਦੇ ਕਿਨਾਰਿਆਂ ਅਤੇ ਖਾਲੀ ਥਾਵਾਂ ’ਤੇ ਕੂੜੇ ਦੇ ਢੇਰ ਦਿਖਾਈ ਦੇਣ ਲੱਗ ਪੈਂਦੇ ਹਨ। ਅਜਿਹਾ ਹੀ ਨਜ਼ਾਰਾ ਪਿੰਡ ਘੱਲ ਕਲਾਂ ਵਿਚ ਦਾਖਲ ਹੋਣ ਵਾਲੇ ਰਸਤੇ ’ਤੇ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਕੂੜੇ ਦੇ ਢੇਰ ਲੋਕਾਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਪਿੰਡ ਵਿੱਚ ਕੂੜਾ ਸੁੱਟਣ ਲਈ ਕੋਈ ਢੁੱਕਵੀਂ ਥਾਂ ਨਿਰਧਾਰਤ ਨਾ ਹੋਣ ਕਾਰਨ ਲੋਕ ਮਜਬੂਰੀਵੱਸ ਰੇਲਵੇ ਦੀ ਜਗ੍ਹਾ ਵਿਚ ਕੂੜਾ ਸੁੱਟ ਰਹੇ ਹਨ। ਹੌਲੀ-ਹੌਲੀ ਇੱਥੇ ਕੂੜੇ ਦੇ ਢੇਰ ਇਕੱਠੇ ਹੋ ਰਹੇ ਹਨ, ਜਿਸ ਕਾਰਨ ਪਿੰਡ ਵਿਚ ਦਾਖ਼ਲ ਹੋਣ ਵਾਲੇ ਰਸਤੇ ਦਾ ਨਜ਼ਾਰਾ ਵੀ ਖ਼ਰਾਬ ਹੋ ਰਿਹਾ ਹੈ। ਇਸ ਤੋਂ ਇਲਾਵਾ ਕੂੜੇ ਕਾਰਨ ਬਦਬੂ ਅਤੇ ਗੰਦਗੀ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪਿੰਡ ਵਿੱਚ ਕੂੜਾ ਇਕੱਠਾ ਕਰਨ ਅਤੇ ਉਸ ਦੇ ਨਿਪਟਾਰੇ ਲਈ ਕੋਈ ਪੱਕਾ ਪ੍ਰਬੰਧ ਹੋਵੇ ਤਾਂ ਲੋਕਾਂ ਨੂੰ ਇਧਰ-ਉਧਰ ਕੂੜਾ ਸੁੱਟਣ ਦੀ ਲੋੜ ਹੀ ਨਾ ਪਵੇ। ਪਰ ਢੁੱਕਵੀਂ ਥਾਂ ਅਤੇ ਨਿਯਮਤ ਸਫ਼ਾਈ ਪ੍ਰਬੰਧਾਂ ਦੀ ਘਾਟ ਕਾਰਨ ਇਹ ਸਮੱਸਿਆ ਲਗਾਤਾਰ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਸਬੰਧਤ ਪੰਚਾਇਤ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਰੇਲਵੇ ਦੀ ਜਗ੍ਹਾ ਵਿੱਚ ਪਏ ਕੂੜੇ ਦੀ ਸਫ਼ਾਈ ਕਰਵਾਈ ਜਾਵੇ ਅਤੇ ਪਿੰਡ ਵਿੱਚ ਕੂੜਾ ਇਕੱਠਾ ਕਰਨ ਲਈ ਢੁੱਕਵੀਂ ਥਾਂ ਨਿਰਧਾਰਤ ਕੀਤੀ ਜਾਵੇ। ਨਾਲ ਹੀ ਘਰਾਂ ’ਚੋਂ ਨਿਕਲਣ ਵਾਲੇ ਕੂੜੇ ਦੀ ਨਿਯਮਤ ਚੁਕਾਈ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਗੰਦਗੀ ਤੋਂ ਨਿਜਾਤ ਮਿਲ ਸਕੇ ਅਤੇ ਪਿੰਡ ਵਿੱਚ ਸਾਫ਼-ਸੁਥਰਾ ਵਾਤਾਵਰਨ ਬਣਾਇਆ ਜਾ ਸਕੇ। ਕੂੜੇ ਦੇ ਢੇਰਾਂ ਨਾਲ ਪਿੰਡ ਦੀ ਪਛਾਣ ਬਣਨ ਦੀ ਬਜਾਏ ਪਿੰਡ ਨੂੰ ਸਾਫ਼-ਸੁਥਰਾ ਰੱਖਣ ਲਈ ਪੱਕੇ ਪ੍ਰਬੰਧ ਕਰਨ ਦੀ ਲੋੜ ਹੈ।