- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਵਿਚ ਸਫ਼ਾਈ ਕਰਮਚਾਰੀਆਂ

ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ’ਚ ਲੱਗੇ ਗੰਦਗੀ ਦੇ ਅੰਬਾਰ
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਸ਼ਹਿਰ ਵਿਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਵੱਖ-ਵੱਖ ਇਲਾਕਿਆਂ ਵਿਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰ ਹੁਣ ਵਪਾਰੀਆਂ ਲਈ ਗੰਭੀਰ ਮੁਸੀਬਤ ਬਣ ਗਏ ਹਨ। ਕੂੜੇ ਦੀ ਬਦਬੂ ਅਤੇ ਗੰਦਗੀ ਕਾਰਨ ਗਾਹਕ ਦੁਕਾਨਾਂ ਵੱਲ ਆਉਣ ਤੋਂ ਕੰਨੀ ਕਤਰਾਉਣ ਲੱਗੇ ਹਨ, ਜਿਸ ਨਾਲ ਕਈ ਦੁਕਾਨਦਾਰਾ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਅਤੇ ਸੂਬਾ ਸਰਕਾਰ ਵੱਲੋਂ ਇਸ ਗੰਭੀਰ ਮਸਲੇ ਪ੍ਰਤੀ ਕੀਤੀ ਜਾ ਰਹੀ ਅਣਦੇਖੀ ਕਾਰਨ ਉਨ੍ਹਾਂ ਦੇ ਰੁਜ਼ਗਾਰ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਦੇਵ ਹੋਟਲ ਵਾਲੀ ਗਲੀ ਵਿਚ ਕੁੱਝ ਦੁਕਾਨਦਾਰਾਂ ਨੇ ਕੂੜੇ ਦੀ ਸਮੱਸਿਆ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਇਸ ਮੌਕੇ ਪੰਜਾਬੀ ਜਾਗਰਣ ਦੇ ਪੱਤਰਕਾਰਾਂ ਵੱਲੋਂ ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਜਾਇਜ਼ਾ ਲੈਣ ਦੌਰਾਨ ਵੀ ਕਈ ਥਾਵਾਂ 'ਤੇ ਦੁਕਾਨਦਾਰ ਇਸ ਸਮੱਸਿਆ ਤੋਂ ਪ੍ਰੇਸ਼ਾਨ ਨਜ਼ਰ ਆਏ। ਮੁੱਖ ਬਾਜ਼ਾਰ ਵਿਚ ਇਸ ਵੇਲੇ ਹਾਲਾਤ ਕੁੱਝ ਹੱਦ ਤੱਕ ਸੁਧਰੇ ਹੋਏ ਦਿਖਾਈ ਦਿੱਤੇ। ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਤੋਂ ਪਹਿਲਾਂ ਹੜਤਾਲ ’ਤੇ ਬੈਠੇ ਸਫ਼ਾਈ ਕਰਮਚਾਰੀਆਂ ਨੇ ਮੁੱਖ ਬਾਜ਼ਾਰ ਅਤੇ ਰਥ ਯਾਤਰਾ ਦੇ ਪੂਰੇ ਮਾਰਗ ਦੀ ਸਫ਼ਾਈ ਕਰ ਦਿੱਤੀ ਸੀ, ਜਿਸ ਕਾਰਨ ਉੱਥੇ ਫਿਲਹਾਲ ਗੰਦਗੀ ਨਜ਼ਰ ਨਹੀਂ ਆ ਰਹੀ ਪਰ ਦੂਜੇ ਪਾਸੇ ਅਕਾਲਸਰ ਰੋਡ ਸਮੇਤ ਕਈ ਇਲਾਕਿਆਂ ਵਿਚ ਹਾਲਾਤ ਬਹੁਤ ਮਾੜੇ ਬਣੇ ਹੋਏ ਹਨ, ਜਿੱਥੇ ਦੁਕਾਨਾਂ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਲੱਗੇ ਹੋਏ ਹਨ। ਕਈ ਵਪਾਰੀਆਂ ਨੇ ਦੱਸਿਆ ਕਿ ਕੂੜੇ ਦੇ ਢੇਰਾਂ ਕਾਰਨ ਉਨ੍ਹਾਂ ਨੂੰ ਦੁਕਾਨਾਂ ਖੋਲ੍ਹਣ ਵਿਚ ਵੀ ਦਿੱਕਤ ਆ ਰਹੀ ਹੈ। ਗਾਹਕ ਬਦਬੂ ਅਤੇ ਗੰਦਗੀ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਵੱਲ ਨਹੀਂ ਆਉਂਦੇ, ਜਿਸ ਨਾਲ ਰੋਜ਼ਾਨਾ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ। ਅਕਾਲਸਰ ਰੋਡ 'ਤੇ ਜਨਰਲ ਸਟੋਰ ਚਲਾਉਣ ਵਾਲੇ ਕਮਲ ਕੁਮਾਰ ਗੁਪਤਾ ਅਤੇ ਫੋਟੋ ਫਰੇਮਿੰਗ ਦੀ ਦੁਕਾਨ ਦੇ ਮਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਹਰ ਸਵੇਰੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਕੂੜੇ ਦੇ ਢੇਰਾਂ ’ਚੋਂ ਆਪਣੀ ਦੁਕਾਨ ਤੱਕ ਪਹੁੰਚਣ ਲਈ ਰਸਤਾ ਬਣਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਪੁਰਾਣੇ ਅਤੇ ਪੱਕੇ ਗਾਹਕ ਹੀ ਆ ਰਹੇ ਹਨ, ਜਦਕਿ ਨਵੇਂ ਗਾਹਕਾਂ ਨੇ ਆਉਣਾ ਲਗਭਗ ਬੰਦ ਕਰ ਦਿੱਤਾ ਹੈ, ਜਿਸ ਕਾਰਨ ਆਰਥਿਕ ਨੁਕਸਾਨ ਲਗਾਤਾਰ ਵੱਧ ਰਿਹਾ ਹੈ।
ਦੁਕਾਨ ਦਾ ਕਿਰਾਇਆ ਕੱਢਣਾ ਵੀ ਹੋਇਆ ਔਖਾ
ਅੰਮ੍ਰਿਤਸਰ ਰੋਡ 'ਤੇ ਫਾਸਟ ਫੂਡ ਦਾ ਕਾਰੋਬਾਰ ਕਰਨ ਵਾਲੇ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਦੁਕਾਨਾਂ ਹਨ, ਜਿਨ੍ਹਾਂ ਵਿਚੋਂ ਇਕ ਦੁਕਾਨ ਨੂੰ ਬੰਦ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨ ਦੇ ਨੇੜੇ ਬਣੇ ਕੂੜਾ ਇਕੱਠਾ ਕਰਨ ਵਾਲੇ ਸਥਾਨ ਤੋਂ ਕਈ ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਕਾਰਨ ਉੱਥੇ ਕੂੜੇ ਦੇ ਢੇਰ ਦਾ ਪਹਾੜ ਬਣ ਗਿਆ ਹੈ। ਬਦਬੂ ਕਾਰਨ ਲੋਕ ਉੱਥੇ ਦੋ ਮਿੰਟ ਵੀ ਖੜ੍ਹੇ ਨਹੀਂ ਹੋ ਸਕਦੇ ਅਤੇ ਗਾਹਕਾਂ ਨੇ ਆਉਣਾ ਬੰਦ ਕਰ ਦਿੱਤਾ ਹੈ। ਇਕ ਹੋਰ ਵਪਾਰੀ ਸੁਨੀਲ ਨੇ ਕਿਹਾ ਕਿ ਦੁਕਾਨਾਂ ਦੇ ਬਾਹਰ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਗਾਹਕ ਦੂਰ ਰਹਿ ਰਹੇ ਹਨ। ਇਸ ਵਾਰ ਹਾਲਾਤ ਇੰਨੇ ਮਾੜੇ ਹਨ ਕਿ ਦੁਕਾਨ ਦਾ ਮਹੀਨਾਵਾਰ ਕਿਰਾਇਆ ਕੱਢਣਾ ਵੀ ਮੁਸ਼ਕਲ ਹੋ ਗਿਆ ਹੈ। ਲੋਕ ਹੁਣ ਉਹਨਾਂ ਦੁਕਾਨਾਂ 'ਤੇ ਜਾਣਾ ਪਸੰਦ ਕਰ ਰਹੇ ਹਨ, ਜਿੱਥੇ ਸਫ਼ਾਈ ਦੇ ਹਾਲਾਤ ਠੀਕ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਮੁੱਖ ਬਾਜ਼ਾਰਾਂ ’ਚ ਜਿੱਥੇ ਨਗਰ ਨਿਗਮ ਨੇ ਕੂੜਾ ਇਕੱਠਾ ਕਰਨ ਲਈ ਸਥਾਨ ਬਣਾਏ ਹੋਏ ਹਨ, ਉਨ੍ਹਾਂ ਦੇ ਆਲੇ-ਦੁਆਲੇ ਅਤੇ ਸਾਹਮਣੇ ਸਥਿਤ ਦੁਕਾਨਾਂ ਦੇ ਕਾਰੋਬਾਰ 'ਤੇ ਸਭ ਤੋਂ ਵੱਧ ਅਸਰ ਪਿਆ ਹੈ। ਦੂਜੇ ਪਾਸੇ ਜਿੱਥੇ ਅਜਿਹੇ ਕੂੜਾ ਸਥਾਨ ਨਹੀਂ ਹਨ, ਉੱਥੇ ਵਪਾਰ ਆਮ ਵਾਂਗ ਚੱਲ ਰਿਹਾ ਹੈ।
ਸਰਕਾਰ ਦੇ ਪੱਧਰ 'ਤੇ ਹੋਵੇਗਾ ਹੱਲ : ਮੇਅਰ
ਮੋਗਾ ਦੀ ਮੇਅਰ ਵਿਨੈ ਪਾਲ ਕੌਰ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪੂਰੇ ਪੰਜਾਬ ਦਾ ਮਸਲਾ ਹੈ ਅਤੇ ਇਸ ਦਾ ਹੱਲ ਸੂਬਾ ਸਰਕਾਰ ਦੇ ਪੱਧਰ 'ਤੇ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਆਪਣਾ ਫੀਡਬੈਕ ਲਗਾਤਾਰ ਸਰਕਾਰ ਤੱਕ ਭੇਜਿਆ ਜਾ ਰਿਹਾ ਹੈ ਅਤੇ ਸਰਕਾਰ ਆਪਣੇ ਪੱਧਰ 'ਤੇ ਇਸ ਮਸਲੇ ਦੇ ਹੱਲ ਲਈ ਯਤਨ ਕਰ ਰਹੀ ਹੈ।