- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਫਾਰਮਾ ਸਿਸਟ ਦਿਵਸ

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਵਰਲਡ ਫਾਰਮਾਸਿਸਟ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਜ਼ਿਲ੍ਹਾ ਹਸਪਤਾਲ ਮੋਗਾ ਵਿਖੇ ਕਰਵਾਇਆ ਗਿਆ। ਇਸ ਮੌਕੇ ਡਾ. ਰਿਪੁਦਮਨ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਜ਼ਿਲ੍ਹਾ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਫਾਰਮੇਸੀ ਕਿੱਤੇ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਫਾਰਮਾਸਿਸਟਾਂ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਡਾ. ਗੁਰਵਿਰਇੰਦਰ ਸਿੰਘ ਨੇ ਕਿਹਾ ਕਿ ਫਾਰਮਾਸਿਊਟੀਕਲ ਇੰਡਸਟਰੀ ਨੇ ਆਪਣੇ ਖੇਤਰ ਵਿਚ ਲਗਾਤਾਰ ਖੋਜ ਅਤੇ ਮਿਹਨਤ ਕਰਕੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਦਵਾਈਆਂ ਦੀ ਖੋਜ ਅਤੇ ਵਿਕਾਸ ਰਾਹੀਂ ਏਡਜ਼, ਕੈਂਸਰ ਸਮੇਤ ਵੱਖ-ਵੱਖ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਨਵੇਂ ਰਾਹ ਖੁੱਲ੍ਹੇ ਹਨ। ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਜ਼ਿਲ੍ਹਾ ਮੋਗਾ ਪ੍ਰਧਾਨ ਜਗਸੇਰ ਸਿੰਘ ਮਨਾਵਾ, ਫਾਰਮੇਸੀ ਅਫਸਰ ਨੇ ਫਾਰਮਾਸਿਸਟ ਕਿੱਤੇ ਦੇ ਗੌਰਵਮਈ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦਵਾਈਆਂ ਅਤੇ ਇਲਾਜ ਨਾਲ ਸਬੰਧਤ ਗਿਆਨ ਪ੍ਰਾਚੀਨ ਮਿਸਰ, ਚੀਨ ਅਤੇ ਭਾਰਤ ਦੀਆਂ ਸਭਿਅਤਾਵਾਂ ਵਿਚ ਵੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਡਾਕਟਰ ਅਤੇ ਫਾਰਮਾਸਿਸਟ ਦੀ ਭੂਮਿਕਾ ਇਕੋ ਵਿਅਕਤੀ ਵੱਲੋਂ ਨਿਭਾਈ ਜਾਂਦੀ ਸੀ। ਬਾਅਦ ਵਿਚ ਯੂਰਪ ਵਿਚ ਡਾਕਟਰੀ ਅਤੇ ਫਾਰਮੇਸੀ ਦੇ ਕਿੱਤੇ ਵੱਖ-ਵੱਖ ਹੋਏ, ਜਿਸ ਨਾਲ ਦਵਾਈਆਂ ਦੀ ਖੋਜ ਅਤੇ ਗੁਣਵੱਤਾ ਵਿਚ ਹੋਰ ਵਿਕਾਸ ਹੋਇਆ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਫਾਰਮੇਸੀ ਦੀ ਸਿੱਖਿਆ ਦੇ ਵਿਕਾਸ ਵਿਚ ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਅੱਜ ਫਾਰਮਾਸਿਊਟੀਕਲ ਇੰਡਸਟਰੀ ਮੈਡੀਕਲ ਖੇਤਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਸਮਾਗਮ ਵਿਚ ਦਵਿੰਦਰ ਸਿੰਘ ਬਰਾੜ, ਜਨਰਲ ਸਕੱਤਰ, ਗੁਰਪਿੰਦਰ ਸਿੰਘ, ਜਗਬੀਰ ਸਿੰਘ, ਨਵਜੋਤ ਕੌਰ, ਫਾਰਮੇਸੀ ਅਫਸਰ, ਸੁਖਪਾਲ ਕੌਰ, ਚੀਫ਼ ਫਾਰਮੇਸੀ ਅਫਸਰ ਸਮੇਤ ਜ਼ਿਲ੍ਹਾ ਹਸਪਤਾਲ ਵਿੱਚ ਸੇਵਾਵਾਂ ਨਿਭਾਅ ਰਹੇ ਸਮੂਹ ਫਾਰਮੇਸੀ ਅਫਸਰ ਹਾਜ਼ਰ ਸਨ। ਅੰਤ ਵਿਚ ਜ਼ਿਲ੍ਹਾ ਫਾਰਮੇਸੀ ਅਫਸਰ ਮੋਗਾ ਗੁਰਮੀਤ ਸਿੰਘ ਧਾਲੀਵਾਲ ਨੇ ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।