ਬਲੂਮਿੰਗ ਬਡਜ਼ ਸਕੂਲ ’ਚ ਸੈਮੀਨਾਰ ਕਰਵਾਇਆ ਇਲਾਕੇ ਦੀ ਨਾਮਵਰ ਵਿੱਦਿਅਕ
Publish Date: Thu, 06 Aug 2026 04:11 PM (IST)
Updated Date: Thu, 06 Aug 2026 04:13 PM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਯੋਗ ਅਗੁਵਾਈ ਹੇਠ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਸ਼ਖ਼ਸੀਅਤ ਵਿਕਾਸ, ਵਿੱਤੀ ਸਾਖਰਤਾ ਅਤੇ ਕਰੀਅਰ ਮਾਰਗਦਰਸ਼ਨ ਵਿਸ਼ੇ ਤੇ ਇਕ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਚਿਤਕਾਰਾ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਸੰਜੀਵ ਸਾਹਨੀ ਆਪਣੇ ਸਹਿਯੋਗੀ ਸੁਨੀਲ ਕੁਮਾਰ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਆਪਣੇ ਅਨੁਭਵ ਸਾਂਝੇ ਕੀਤੇ। ਸੈਮੀਨਾਰ ਦੀ ਸ਼ੁਰੂਆਤ ਵਿਚ ਸਕੂਲ ਦੇ ਸੀਈਓ ਰਾਹੁਲ ਛਾਬੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮੰਚ ’ਤੇ ਆਉਣ ਲਈ ਸੱਦਾ ਦਿੱਤਾ। ਸੈਮੀਨਾਰ ਦੌਰਾਨ ਸੰਜੀਵ ਸਾਹਨੀ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਵੱਡੇ ਸੁਪਨੇ ਦੇਖਣ, ਉਨ੍ਹਾਂ ਨੂੰ ਸਾਕਾਰ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਮਿਹਨਤ ਕਰਨ ਅਤੇ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਪੜ੍ਹਾਈ ਦੇ ਨਾਲ-ਨਾਲ ਵਿੱਤੀ ਜਾਣਕਾਰੀ ਹੋਣਾ ਵੀ ਉਤਨਾ ਹੀ ਜ਼ਰੂਰੀ ਹੈ ਕਿਉਂਕਿ ਇਹ ਵਿਦਿਆਰਥੀਆਂ ਨੂੰ ਭਵਿੱਖ ਵਿਚ ਸਹੀ ਫ਼ੈਸਲੇ ਲੈਣ ਦੇ ਯੋਗ ਬਣਾਉਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਜਮਾਤ ਬਾਰ੍ਹਵੀਂ ਤੋਂ ਬਾਅਦ ਆਰਟਸ, ਕਾਮਰਸ ਅਤੇ ਸਾਇੰਸ ਸਟ੍ਰੀਮਾਂ ਵਿਚ ਉਪਲਬਧ ਉੱਚ ਸਿੱਖਿਆ ਅਤੇ ਰੁਜ਼ਗਾਰ ਦੇ ਵਿਭਿੰਨ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਦੀਆਂ ਰੁਚੀਆਂ ਅਤੇ ਯੋਗਤਾਵਾਂ ਅਨੁਸਾਰ ਸਹੀ ਕਰੀਅਰ ਦੀ ਚੋਣ ਕਰਨ ਲਈ ਮਾਰਗਦਰਸ਼ਨ ਵੀ ਕੀਤਾ। ਵਿਦਿਆਰਥੀਆਂ ਨੇ ਇਸ ਇੰਟਰਐਕਟਿਵ ਸੈਸ਼ਨ ਵਿਚ ਬਹੁਤ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਭਵਿੱਖ ਸਬੰਧੀ ਕਈ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਸਕੂਲ ਦੀ ਚੇਅਰਪਰਸਨ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੋਵੇਂ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਅਜਿਹੇ ਪ੍ਰੇਰਣਾਦਾਇਕ ਸੈਮੀਨਾਰ, ਵਰਕਸ਼ਾਪਾਂ ਅਤੇ ਕਰੀਅਰ ਮਾਰਗਦਰਸ਼ਨ ਪ੍ਰੋਗਰਾਮ ਆਯੋਜਿਤ ਕਰਦਾ ਰਹਿੰਦਾ ਹੈ ਤਾਂ ਜੋ ਵਿਦਿਆਰਥੀ ਭਵਿੱਖ ਦੀਆਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ। ਸਮਾਗਮ ਦੇ ਅੰਤ ਵਿਚ ਚੇਅਰਪਰਸਨ ਕਮਲ ਸੈਣੀ ਅਤੇ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਵੱਲੋਂ ਸੰਜੀਵ ਸਾਹਨੀ ਅਤੇ ਸੁਨੀਲ ਕੁਮਾਰ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਸੈਸ਼ਨ ਨੂੰ ਬਹੁਤ ਹੀ ਲਾਹੇਵੰਦ ਅਤੇ ਪ੍ਰੇਰਣਾਦਾਇਕ ਦੱਸਦਿਆਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ।