- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਮੁੱਖ ਮੰਤਰੀ

ਮੁੱਖ ਮੰਤਰੀ ਨੇ ਚੜਿੱਕ ਵਿਖੇ ਲੋਕ ਮਿਲਣੀ ਪ੍ਰੋਗਰਾਮ ਕਰਵਾਇਆ
ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਮੋਗਾ ਦੇ ਵੱਡੇ ਪਿੰਡ ਚੜਿੱਕ ਵਿਖੇ 'ਲੋਕ ਮਿਲਣੀ' ਪ੍ਰੋਗਰਾਮ ਦੌਰਾਨ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਲ 2027 ਵਿਚ ਆਮ ਆਦਮੀ ਪਾਰਟੀ ਆਪ ਦੀ ਸਰਕਾਰ ਨੂੰ ਮੁੜ ਚੁਣਨ ਦਾ ਪੂਰਾ ਮਨ ਬਣਾ ਲਿਆ ਹੈ ਕਿਉਂਕਿ ਸਰਕਾਰ ਦੀਆਂ ਲੋਕ ਪੱਖੀ ਪਹਿਲਕਦਮੀਆਂ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪਿਛਲੇ ਚਾਰ ਸਾਲਾਂ ਵਿਚ ਜਿੱਤੇ ਭਰੋਸੇ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ 90 ਫੀਸਦੀ ਘਰਾਂ ਲਈ ਮੁਫ਼ਤ ਬਿਜਲੀ, 10 ਲੱਖ ਰੁਪਏ ਦੀ 'ਮੁੱਖ ਮੰਤਰੀ ਸਿਹਤ ਯੋਜਨਾ', ਔਰਤਾਂ ਲਈ ਵਿੱਤੀ ਸਹਾਇਤਾ, ਨਹਿਰੀ ਸਿੰਚਾਈ ਦਾ ਰਿਕਾਰਡ ਵਿਸਥਾਰ, ਮੈਰਿਟ ’ਤੇ ਪਾਰਦਰਸ਼ੀ ਸਰਕਾਰੀ ਭਰਤੀ ਅਤੇ ਸਰਕਾਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਵਰਗੇ ਇਨਕਲਾਬੀ ਕਦਮਾਂ ਨੇ ਜ਼ਮੀਨੀ ਪੱਧਰ 'ਤੇ ਵੱਡਾ ਬਦਲਾਅ ਲਿਆਂਦਾ ਹੈ, ਜਿਸ ਨਾਲ ਰਾਜ ਵਿਚ ਵਿਰੋਧੀ ਧਿਰਾਂ ਦਾ ਰਾਜਨੀਤਿਕ ਵਜੂਦ ਖ਼ਤਮ ਹੋ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿੰਡ ਦੇ ਵਿਕਾਸ ਲਈ 51 ਲੱਖ ਰੁਪਏ ਦੀ ਗ੍ਰਾਂਟ ਗ੍ਰਾਂਮ ਪੰਚਾਇਤ ਨੂੰ ਸੌਂਪਦਿਆਂ ਦੱਸਿਆ ਕਿ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ 100 ਨਵੇਂ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਵਿਚ ਚੱਲ ਰਹੇ ਕਲੀਨਿਕਾਂ ਦੀ ਕੁੱਲ ਗਿਣਤੀ 1,090 ਹੋ ਗਈ ਹੈ ।ਲੋਕ ਮਿਲਣੀ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਵਿਰੋਧੀ ਪਾਰਟੀਆਂ ਲਾੜੇ ਤੋਂ ਬਿਨਾਂ ਜੰਝ ਵਾਂਗ ਹਨ ਹਾਲਾਂਕਿ ਇਹ ਸੱਤਾ ਲਈ ਲੜ ਰਹੇ ਹਨ, ਪਰ ਇਹਨਾਂ ਕੋਲ ਕੋਈ ਇੱਕ ਵੀ ਆਗੂ ਨਹੀਂ ਹੈ । ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਤਿੰਨ-ਚਾਰ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ, ਜਦਕਿ ਕਾਂਗਰਸੀ ਆਗੂ ਇੱਕ ਦੂਜੇ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ ਇਹ ਸੱਤਾ ਦੇ ਭੁੱਖੇ ਨੇਤਾ ਸਿਰਫ ਸੂਬੇ ਦੀ ਦੌਲਤ ਲੁੱਟਣ ਲਈ ਸੱਤਾ ਹਥਿਆਉਣਾ ਚਾਹੁੰਦੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਅਜਿਹਾ ਕਦੇ ਨਹੀਂ ਹੋਣ ਦੇਣਗੇ । ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਾਨਵੈਂਟ ਸਕੂਲ ਦੇ ਪੜ੍ਹੇ-ਲਿਖੇ ਰਾਜਨੇਤਾ ਹਨ, ਜਿਨ੍ਹਾਂ ਨੂੰ ਸੂਬੇ ਦੇ ਬੁਨਿਆਦੀ ਭੂਗੋਲ ਦਾ ਵੀ ਗਿਆਨ ਨਹੀਂ ਹੈ, ਫਿਰ ਵੀ ਉਹ ਇਥੇ ਰਾਜਨੀਤਿਕ ਸੱਤਾ ਹਾਸਲ ਕਰਨਾ ਚਾਹੁੰਦੇ ਹਨ। ਬਾਕੀ ਸਭ ਛੱਡੋ, ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੂਬੇ ਦੀਆਂ ਮੁੱਖ ਫ਼ਸਲਾਂ ਵਿਚ ਵੀ ਫ਼ਰਕ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਬੁਨਿਆਦੀ ਮੁੱਦਿਆਂ ਦੀ ਬਹੁਤ ਘੱਟ ਸਮਝ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਨਸ਼ੇ ਦੇ ਕਾਰੋਬਾਰ ਦੀ ਪੁਸ਼ਤਪਨਾਹੀ ਕਰਕੇ ਪੰਜਾਬ ਦੀਆਂ ਪੀੜ੍ਹੀਆਂ ਦਾ ਨਾ ਪੂਰਿਆ ਜਾਣ ਵਾਲਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਨਾ ਸਿਰਫ ਨਸ਼ਾ ਤਸਕਰਾਂ ਦੀ ਸਰਪ੍ਰਸਤੀ ਕੀਤੀ, ਸਗੋਂ ਰਿਪੋਰਟਾਂ ਅਨੁਸਾਰ ਨਸ਼ਾ ਵੇਚਣ ਜਾਂ ਵੰਡਣ ਲਈ ਸਰਕਾਰੀ ਗੱਡੀਆਂ ਦੀ ਵਰਤੋਂ ਵੀ ਕੀਤੀ। ਉਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਧਰਮ ਦੀ ਵਰਤੋਂ ਕਰਕੇ ਹਰ ਆਮ ਆਦਮੀ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ ਜੋ ਕਿ ਨਾ ਬਖਸ਼ਣਯੋਗ ਗੁਨਾਹ ਹੈ । ਇਸ ਮੌਕੇ ਹਲਕਾ ਵਿਧਾਇਕ ਅਮਨਦੀਪ ਕੌਰ ਅਰੋੜਾ, ਜ਼ਿਲ੍ਹਾ ਪ੍ਰਧਾਨ ਬਰਿੰਦਰ ਸ਼ਰਮਾਂ ਆਦਿ ਹਾਜ਼ਰ ਸਨ।