ਰਿਹਾਇਸ਼ੀ ਇਲਾਕੇ ’ਚ ਮੋਬਾਈਲ ਟਾਵਰ ਲਾਉਣ ਨੂੰ ਲੈ ਕੇ ਖੋਲ੍ਹਿਆ ਮੋਰਚਾ ਨਜ਼ਦੀਕ ਪਿੰਡ ਲੰਡੇਕੇ ਅਤੇ ਸ਼ਹਿਰ
Publish Date: Fri, 07 Aug 2026 05:30 PM (IST)
Updated Date: Fri, 07 Aug 2026 05:32 PM (IST)
ਵਾਰਡ ਨੰਬਰ 50 ਦੇ ਵਸਨੀਕਾਂ ਵੱਲੋਂ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੀ ਮੇਅਰ ਨੂੰ ਸ਼ਿਕਾਇਤ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਨਜ਼ਦੀਕ ਪਿੰਡ ਲੰਡੇਕੇ ਅਤੇ ਸ਼ਹਿਰ ਦੇ ਵਾਰਡ ਨੰਬਰ 50 ਅਧੀਨ ਪੈਂਦੇ ਬਾਬਾ ਰਾਮ ਸਿੰਘ ਨਗਰ ਵਿਚ ਰਿਹਾਇਸ਼ੀ ਇਲਾਕੇ ਅੰਦਰ ਮੋਬਾਈਲ ਟਾਵਰ ਲਗਾਉਣ ਦੀ ਚੱਲ ਰਹੀ ਕਾਰਵਾਈ ਨੂੰ ਲੈ ਕੇ ਨਗਰ ਵਾਸੀਆਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ ਅਤੇ ਮੋਬਾਈਲ ਟਾਵਰ ਲਗਾਉਣ ਦੇ ਵਿਰੋਧ ’ਚ ਮੁਹੱਲੇ ਦੇ ਲੋਕਾਂ ਨੇ ਇਕਜੁੱਟ ਹੋ ਕੇ ਮੋਰਚਾ ਖੋਲ੍ਹ ਦਿੱਤਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਰਿਹਾਇਸ਼ੀ ਖੇਤਰ ਹੈ, ਜਿੱਥੇ ਲੋਕ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ। ਅਜਿਹੇ ਵਿਚ ਰਿਹਾਇਸ਼ੀ ਇਲਾਕੇ ਵਿਚ ਮੋਬਾਈਲ ਟਾਵਰ ਲਗਾਉਣ ਦੀ ਕਾਰਵਾਈ ਲੋਕਾਂ ਦੀ ਚਿੰਤਾ ਵਧਾ ਰਹੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜਿਸ ਟਾਵਰ ਕੰਪਨੀ ਵੱਲੋਂ ਮੋਬਾਈਲ ਟਾਵਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਦਿਨ ਸਮੇਂ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ, ਸਗੋਂ ਰਾਤ ਦੇ ਸਮੇਂ ਕੰਮ ਕੀਤਾ ਜਾ ਰਿਹਾ ਸੀ। ਰਾਤ ਸਮੇਂ ਹੋ ਰਹੀ ਇਸ ਗਤੀਵਿਧੀ ਨੇ ਮੁਹੱਲਾ ਵਾਸੀਆਂ ਦੇ ਮਨ ਵਿਚ ਸ਼ੱਕ ਪੈਦਾ ਕੀਤਾ। ਜਦੋਂ ਲੋਕਾਂ ਨੇ ਇਸ ਮਾਮਲੇ ’ਤੇ ਧਿਆਨ ਦੇਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉੱਥੇ ਮੋਬਾਈਲ ਟਾਵਰ ਲਗਾਉਣ ਦੀ ਤਿਆਰੀ ਚੱਲ ਰਹੀ ਹੈ। ਇਲਾਕਾ ਵਾਸੀਆਂ ਅਨੁਸਾਰ ਜਦੋਂ ਮੋਬਾਈਲ ਟਾਵਰ ਦਾ ਸਾਮਾਨ ਲੈ ਕੇ ਇਕ ਟਰੱਕ ਉਕਤ ਥਾਂ ’ਤੇ ਪਹੁੰਚਿਆ ਤਾਂ ਮੁਹੱਲੇ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਟਾਵਰ ਲਗਾਉਣ ਦੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ। ਲੋਕਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਰਿਹਾਇਸ਼ੀ ਇਲਾਕੇ ਵਿੱਚ ਮੋਬਾਈਲ ਟਾਵਰ ਨਹੀਂ ਲੱਗਣ ਦੇਣਗੇ। ਇਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਮਾਮਲੇ ਦੀ ਸ਼ਿਕਾਇਤ ਮੋਗਾ ਦੇ ਡਿਪਟੀ ਕਮਿਸ਼ਨਰ ਕੋਲ ਕੀਤੀ। ਲੋਕਾਂ ਅਨੁਸਾਰ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਵੱਲੋਂ ਫਿਲਹਾਲ ਮੋਬਾਈਲ ਟਾਵਰ ਲਗਾਉਣ ਦਾ ਕੰਮ ਰੁਕਵਾ ਦਿੱਤਾ ਗਿਆ ਹੈ। ਇਸ ਕਾਰਵਾਈ ਤੋਂ ਬਾਅਦ ਇਲਾਕਾ ਵਾਸੀਆਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸੰਤੁਸ਼ਟ ਨਹੀਂ ਹੋਣਗੇ ਜਦੋਂ ਤੱਕ ਇਸ ਮਾਮਲੇ ਦਾ ਪੱਕਾ ਹੱਲ ਨਹੀਂ ਹੁੰਦਾ। ਇਲਾਕਾ ਵਾਸੀਆਂ ਨੇ ਦੱਸਿਆ ਕਿ ਬਾਬਾ ਰਾਮ ਸਿੰਘ ਨਗਰ ’ਚ ਪਹਿਲਾਂ ਵੀ ਇਕ ਥਾਂ ’ਤੇ ਮੋਬਾਈਲ ਟਾਵਰ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਸਮੇਂ ਵੀ ਮੁਹੱਲਾ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਮਾਮਲਾ ਅਦਾਲਤ ਤੱਕ ਪਹੁੰਚਿਆ ਸੀ। ਲੋਕਾਂ ਨੇ ਦੱਸਿਆ ਕਿ ਅਦਾਲਤ ਵੱਲੋਂ ਉਸ ਮਾਮਲੇ ’ਚ ਰੋਕ ਦੇ ਹੁਕਮ ਜਾਰੀ ਕੀਤੇ ਗਏ ਸਨ। ਮੁਹੱਲਾ ਵਾਸੀਆਂ ਨੇ ਅਦਾਲਤ ਦੇ ਉਕਤ ਹੁਕਮਾਂ ਦਾ ਨੋਟਿਸ ਵੀ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਆਪਣੇ ਰਿਹਾਇਸ਼ੀ ਇਲਾਕੇ ’ਚ ਮੋਬਾਈਲ ਟਾਵਰ ਲਗਾਉਣ ਦਾ ਵਿਰੋਧ ਕਰ ਚੁੱਕੇ ਹਨ ਅਤੇ ਹੁਣ ਮੁੜ ਅਜਿਹੀ ਕੋਸ਼ਿਸ਼ ਕੀਤੇ ਜਾਣ ਕਾਰਨ ਉਨ੍ਹਾਂ ਵਿਚ ਰੋਸ ਪੈਦਾ ਹੋਇਆ ਹੈ। ਮਾਮਲੇ ਨੂੰ ਲੈ ਕੇ ਇਲਾਕਾ ਵਾਸੀਆਂ ਨੇ ਨਗਰ ਨਿਗਮ ਦੀ ਮੇਅਰ ਕੋਲ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਲੋਕਾਂ ਨੇ ਨਗਰ ਨਿਗਮ ਵਿਚ ਪਹੁੰਚ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਮੰਗ ਪੱਤਰ ਸੌਂਪਦਿਆਂ ਮੋਬਾਈਲ ਟਾਵਰ ਲਗਾਉਣ ਦੀ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ। ਲੋਕਾਂ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ਵਿਚ ਮੋਬਾਈਲ ਟਾਵਰ ਲਗਾਉਣ ਤੋਂ ਪਹਿਲਾਂ ਇਲਾਕਾ ਵਾਸੀਆਂ ਦੀਆਂ ਚਿੰਤਾਵਾਂ ਅਤੇ ਇਤਰਾਜ਼ਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਸਾਰੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਪਰਿਵਾਰਾਂ ਦੀ ਸਿਹਤ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਇਸ ਮੌਕੇ ਪਰਵਿੰਦਰ ਸਿੰਘ, ਜਗਦੀਸ਼ ਸਿੰਘ, ਬਲਵੀਰ ਸਿੰਘ, ਜਗਜੀਤ ਸਿੰਘ, ਕੇਵਲ ਸਿੰਘ, ਲਖਨ ਕੁਮਾਰ, ਕੁਲਦੀਪ ਸਿੰਘ ਅਤੇ ਅਵਤਾਰ ਸਿੰਘ ਬੰਟੀ ਸਮੇਤ ਹੋਰ ਇਲਾਕਾ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਹੈ। ਲੋਕਾਂ ਨੇ ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀਆਂ ਰੇਡੀਓ ਤਰੰਗਾਂ ਅਤੇ ਉਨ੍ਹਾਂ ਦੇ ਸੰਭਾਵਿਤ ਸਿਹਤ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਹ ਆਪਣੇ ਪਰਿਵਾਰਾਂ ਨੂੰ ਕਿਸੇ ਵੀ ਸੰਭਾਵਿਤ ਖ਼ਤਰੇ ਤੋਂ ਬਚਾਉਣਾ ਚਾਹੁੰਦੇ ਹਨ। ਲੋਕਾਂ ਨੇ ਇਹ ਵੀ ਕਿਹਾ ਕਿ ਮੋਬਾਈਲ ਟਾਵਰ ਲਗਾਉਣ ਦੇ ਮਾਮਲੇ ਵਿਚ ਸਿਹਤ ਅਤੇ ਵਾਤਾਵਰਨ ਨਾਲ ਜੁੜੇ ਸਾਰੇ ਪੱਖਾਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ।