ਸਾਦਿਕ ’ਚ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਲਾਇਆ ਧਰਨਾ
ਸਾਦਿਕ ਵਿਖੇ ਘਰੇਲੂ ਗੈਸ ਸਿਲੰਡਰ
Publish Date: Thu, 02 Apr 2026 04:03 PM (IST)
Updated Date: Fri, 03 Apr 2026 04:04 AM (IST)
ਏਜੰਸੀ ਅੱਗੇ ਸੜਕ ’ਤੇ ਜਾਮ ਲਗਾ ਕੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ: ਸਾਦਿਕ ਵਿਖੇ ਘਰੇਲੂ ਗੈਸ ਸਿਲੰਡਰ ਨਾ ਮਿਲਣ ਕਾਰਨ ਖ਼ਪਤਕਾਰਾਂ ਵੱਲੋਂ ਅੱਜ ਦੂਜੇ ਵੀ ਚੱਕਾ ਜਾਮ ਕੀਤਾ ਗਿਆ। ਬੀਤੇ ਕੱਲ੍ਹ ਗੁਰੂਹਰਸਹਾਏ ਵਾਲੀ ਸੜਕ ’ਤੇ ਜਾਮ ਲਗਾਇਆ ਗਿਆ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਮਝਾਉਣ ’ਤੇ ਕਿ ਅੱਜ ਛੁੱਟੀ ਹੈ ਤਾਂ ਜਾਮ ਖੋਲ੍ਹ ਦਿੱਤਾ ਗਿਆ ਅਤੇ ਨਾਲ ਹੀ ਫ਼ੈਸਲਾ ਹੋਇਆ ਕਿ ਗੈਸ ਏਜੰਸੀ ਮੂਹਰੇ ਹੀ ਪਰਚੀਆਂ ਕੱਟ ਕੇ ਸਿਲੰਡਰ ਵੰਡੇ ਜਾਣਗੇ। ਅੱਜ ਸਵੇਰੇ ਹੀ ਲੋਕ ਫ਼ਰੀਦਕੋਟ ਵਾਲੀ ਸੜਕ ’ਤੇ ਸਥਿਤੀ ਗੈਸ ਏਜੰਸੀ ਮੂਹਰੇ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦ 10 ਵਜੇ ਤੱਕ ਵੀ ਏਜੰਸੀ ਨਾਲ ਖੋਲ੍ਹੀ ਗਈ ਅਤੇ ਮੁਲਾਜ਼ਮਾਂ ਵੱਲੋਂ ਫ਼ੋਨ ਨਾ ਚੁੱਕੇ ਗਏ ਤਾਂ ਅੱਕੇ ਖ਼ਪਤਕਾਰਾਂ ਨੇ ਏਜੰਸੀ ਦੇ ਮੂਹਰੇ ਹੀ ਫ਼ਰੀਦਕੋਟ ਵਾਲੀ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਸਥਿਤੀ ਨੂੰ ਕਾਬੂ ਕਰਨ ਲਈ ਹਰਜੋਤ ਸਿੰਘ ਔਲਖ ਅਤੇ ਬੇਅੰਤ ਸਿੰਘ ਸੰਧੂ (ਦੋਨੋਂ ਸਹਾਇਕ ਥਾਣੇਦਾਰ) ਹੌਲਦਾਰ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜੇ। ਸਥਿਤੀ ਨੂੰ ਦੇਖਦੇ ਹੋਏ ਟ੍ਰੈਫ਼ਿਕ ਨੂੰ ਬਦਲਵੇਂ ਰੂਟ ਰਾਹੀਂ ਭੇਜਿਆ ਜਾਣ ਲੱਗਾ। ਹਾਜ਼ਰ ਲੋਕਾਂ ਦਾ ਕਹਿਣਾ ਸੀ ਕਿ ਲੋੜ ਮੁਤਾਬਿਕ ਲੋਕਾਂ ਨੂੰ ਗੈਸ ਨਹੀਂ ਮਿਲ ਰਹੀ ਤੇ ਨਾ ਹੀ ਏਜੰਸੀ ਵੱਲੋਂ ਕੋਈ ਸੰਤੁਸ਼ਟੀਜਨਕ ਜਵਾਬ ਦਿੱਤਾ ਜਾ ਰਿਹਾ ਹੈ।ਅੱਜ ਵੀ ਲਗਭਗ 50 ਕੁ ਗੈਸ ਸਿਲੰਡਰਾਂ ਦੀ ਲਾਈਨ ਲੱਗੀ ਹੋਈ ਸੀ ਅਤੇ ਕਿਸੇ ਨੂੰ ਵੀ ਬੁਕਿੰਗ ਦੀ ਪਰਚੀ ਨਹੀਂ ਦਿੱਤੀ ਗਈ ਸੀ। ਖ਼ਪਤਕਾਰਾਂ ਦਾ ਕਹਿਣਾ ਹੈ ਕਿ ਗੈਸ ਦੀ ਵੰਡ ਲਈ ਸਹੀ ਤਰੀਕਾ ਅਪਣਾਇਆ ਜਾਵੇ ਅਤੇ ਹਰ ਬੁੱਕ ਕਰਾਉਣ ਵਾਲੇ ਨੂੰ ਪਰਚੀ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਵਾਰੀ ਸਿਰ ਆ ਕੇ ਸਿਲੰਡਰ ਲੈ ਜਾ ਸਕੇ ਅਤੇ ਉਨ੍ਹਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਅਖ਼ੀਰ ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸ਼ਨ ਵੱਲੋਂ ਏਜੰਸੀ ਮਾਲਕ ਭੂ਼ਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਟੈਕਨੀਕਲ ਸਮੱਸਿਆ ਹੋਣ ਕਾਰਨ ਆਨਲਾਈਨ ਕੰਮ ਬੰਦ ਪਿਆ ਹੈ ਜਿਸ ਕਾਰਨ ਗੈਸ ਬੁੱਕਿਗ ਅਤੇ ਸਪਲਾਈ ਵਿਚ ਸਮੱਸਿਆ ਆ ਰਹੀ ਹੈ। ਜਦੋਂ ਵੀ ਠੀਕ ਹੁੰਦਾ ਹੈ ਸਿਲੰਡਰ ਆਉਣ ’ਤੇ ਲੋਕਾਂ ਨੂੰ ਗੈਸ ਸਿਲੰਡਰ ਦਿੱਤੇ ਜਾਣਗੇ। ਚੱਕਾ ਜਾਮ ਦੀ ਜਾਣਕਾਰੀ ਮਿਲਣ ’ਤੇ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮ ਮੌਕੇ ’ਤੇ ਪੁੱਜੇ ਅਤੇ ਏਜੰਸੀ ਖੁਲਵਾ ਕੇ ਤਰਤੀਬ ਨਾਲ ਗੈਸ ਸਿਲੰਡਰ ਵੰਡਣ ਦੀ ਤਾਕੀਦ ਕੀਤੀ। ਇਸ ਧਰਨੇ ਵਿਚ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਕਾਲੀਦਲ ਵਾਰਿਸ ਪੰਜਾਬ, ਕਿਰਤੀ ਕਿਸਾਨ ਯੂਨੀਅਨ ਦੇ ਗਰਮੀਤ ਸਿੰਘ ਵੀ ਸ਼ਾਮਲ ਹੋਏ।