ਗੰਦਾ ਪਾਣੀ ਤੇ ਸੀਵਰੇਜ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ ਸ਼ਹਿਰ ਦੇ ਪ੍ਰਤਾਪ ਰੋਡ ਸ਼ਹੀਦੀ ਪਾਰਕ
Publish Date: Tue, 29 Sep 2026 05:48 PM (IST)
Updated Date: Wed, 30 Sep 2026 04:04 AM (IST)
300 ਘਰਾਂ ਤੱਕ ਪਹੁੰਚ ਰਿਹਾ ਬਦਬੂਦਾਰ ਪਾਣੀ, ਕੌਂਸਲਰ ਦੇ ਵਿਰੋਧ ਤੋਂ ਬਾਅਦ ਕੁਝ ਲੀਕੇਜ ਹੋਏ ਠੀਕ, ਬਸਤੀ ਵਾਸੀਆਂ ਨੇ ਪੂਰੀ ਬਸਤੀ ਦੀ ਸਫ਼ਾਈ ਅਤੇ ਪਾਣੀ ਦੀ ਪਾਈਪਲਾਈਨ ਦੀ ਮੁਰੰਮਤ ਦੀ ਕੀਤੀ ਮੰਗ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸ਼ਹਿਰ ਦੇ ਪ੍ਰਤਾਪ ਰੋਡ ਸ਼ਹੀਦੀ ਪਾਰਕ ਦੇ ਨੇੜੇ ਸਥਿਤ ਆਰਿਆ ਬਸਤੀ ਦੇ ਵਸਨੀਕ ਪਿਛਲੇ ਕਈ ਹਫ਼ਤਿਆਂ ਤੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਦੱਸਣਯੋਗ ਹੈ ਕਿ ਕਰੀਬ 300 ਘਰਾਂ ਵਾਲੇ ਇਸ ਮੁਹੱਲੇ ਵਿਚ ਪੀਣ ਵਾਲੇ ਪਾਣੀ ਦੀ ਮੁੱਖ ਪਾਈਪਲਾਈਨ ਵਿਚ ਥਾਂ-ਥਾਂ ਲੀਕੇਜ ਹੋਣ ਕਾਰਨ ਘਰਾਂ ਵਿਚ ਗੰਦਾ, ਮੈਲਾ ਅਤੇ ਬਦਬੂਦਾਰ ਪਾਣੀ ਪਹੁੰਚ ਰਿਹਾ ਹੈ। ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਨੂੰ ਛਾਣ ਕੇ ਜਾਂ ਹੋਰ ਤਰੀਕਿਆਂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਉਨ੍ਹਾਂ ਵਿਚ ਡਰ ਬਣਿਆ ਹੋਇਆ ਹੈ। ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਦਾ ਸਮਾਂ ਵੀ ਨਿਯਮਤ ਨਹੀਂ ਹੈ। ਕਈ ਵਾਰ ਦੁਪਹਿਰ 12 ਵਜੇ ਤੋਂ ਪਹਿਲਾਂ ਪਾਣੀ ਦੀ ਸਪਲਾਈ ਨਹੀਂ ਆਉਂਦੀ ਤੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਜਦੋਂ ਪਾਣੀ ਆਉਂਦਾ ਹੈ ਤਾਂ ਉਸ ਵਿਚੋਂ ਗੰਦਗੀ ਅਤੇ ਬਦਬੂ ਆਉਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਹਨ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਕਈ ਘਰਾਂ ਵਿਚ ਲੋਕ ਪੇਟ ਦੀਆਂ ਸਮੱਸਿਆਵਾਂ, ਪੇਟ ਦਰਦ, ਬੁਖਾਰ, ਉਲਟੀਆਂ ਅਤੇ ਦਸਤ ਵਰਗੀਆਂ ਤਕਲੀਫ਼ਾਂ ਦਾ ਸਾਹਮਣਾ ਕਰ ਰਹੇ ਹਨ। ਲੋਕਾਂ ਨੇ ਦੱਸਿਆ ਕਿ ਜਿਸ ਥਾਂ ਤੋਂ ਪਾਣੀ ਦੀ ਪਾਈਪਲਾਈਨ ਲੰਘਦੀ ਹੈ, ਉਸ ਦੇ ਆਲੇ-ਦੁਆਲੇ ਲੰਬੇ ਸਮੇਂ ਤੋਂ ਗੰਦਗੀ ਅਤੇ ਕੂੜੇ ਦੇ ਢੇਰ ਪਏ ਹੋਏ ਸਨ। ਪਾਈਪਲਾਈਨ ਵਿਚ ਲੀਕੇਜ ਹੋਣ ਕਾਰਨ ਗੰਦਾ ਪਾਣੀ ਅਤੇ ਆਲੇ-ਦੁਆਲੇ ਦੀ ਗੰਦਗੀ ਪਾਈਪਲਾਈਨ ਦੇ ਸੰਪਰਕ ਵਿਚ ਆਉਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਸਥਾਨਕ ਕੌਂਸਲਰ ਮਨਜੀਤ ਸਿੰਘ ਵੱਲੋਂ ਸੋਮਵਾਰ ਨੂੰ ਨਗਰ ਨਿਗਮ ਬੋਰਡ ਦੀ ਮੀਟਿੰਗ ਦੌਰਾਨ ਆਰਿਆ ਬਸਤੀ ਦੀ ਪਾਣੀ ਅਤੇ ਸਫਾਈ ਸਬੰਧੀ ਸਮੱਸਿਆ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਪੀਣ ਵਾਲੇ ਪਾਣੀ ਦੀ ਲਾਈਨ ਵਿਚ ਆ ਰਹੇ ਕੁੱਝ ਲੀਕੇਜ ਠੀਕ ਕਰਨ ਦੀ ਕਾਰਵਾਈ ਕੀਤੀ ਗਈ ਤੇ ਲੀਕੇਜ ਦੇ ਆਲੇ-ਦੁਆਲੇ ਪਈ ਗੰਦਗੀ ਨੂੰ ਵੀ ਸਾਫ਼ ਕੀਤਾ ਗਿਆ। ਹਾਲਾਂਕਿ ਬਸਤੀ ਵਾਸੀਆਂ ਦਾ ਕਹਿਣਾ ਹੈ ਕਿ ਕੁੱਝ ਲੀਕੇਜ ਠੀਕ ਹੋਣ ਦੇ ਬਾਵਜੂਦ ਪਾਣੀ ਦੀ ਸਮੱਸਿਆ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਅਤੇ ਅਜੇ ਵੀ ਕਈ ਘਰਾਂ ਵਿਚ ਪਾਣੀ ਸਾਫ਼ ਨਹੀਂ ਆ ਰਿਹਾ। ਇਸ ਮੌਕੇ ਬਿੱਟੂ, ਵਿੱਕੀ, ਰਾਜਪਾਲ ਰਾਜੂ ਤੇ ਹੋਰ ਬਸਤੀ ਵਾਸੀਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਨਗਰ ਨਿਗਮ ਅਤੇ ਸਬੰਧਤ ਅਧਿਕਾਰੀਆਂ ਕੋਲ ਕਈ ਵਾਰ ਆਪਣੀ ਸਮੱਸਿਆ ਰੱਖ ਚੁੱਕੇ ਹਨ ਪਰ ਪੱਕਾ ਹੱਲ ਨਾ ਹੋਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਜਾਰੀ ਹੈ। ਬਸਤੀ ਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਰਿਆ ਬਸਤੀ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾ ਕੇ ਸੀਵਰੇਜ ਅਤੇ ਨਾਲੀਆਂ ਦੀ ਸਫਾਈ ਕਰਵਾਈ ਜਾਵੇ, ਪੀਣ ਵਾਲੇ ਪਾਣੀ ਦੀ ਪੂਰੀ ਪਾਈਪਲਾਈਨ ਦੀ ਜਾਂਚ ਕਰਕੇ ਸਾਰੇ ਲੀਕੇਜ ਪੱਕੇ ਤੌਰ ’ਤੇ ਠੀਕ ਕੀਤੇ ਜਾਣ ਅਤੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।