- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਵਿਚ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਵਿਚ ਸ਼ਾਮਲ ਆਰਾ ਰੋਡ ਦੀ ਖਸਤਾ ਹਾਲਤ ਕਾਰਨ ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਥਾਂ-ਥਾਂ ਵੱਡੇ-ਵੱਡੇ ਟੋਏ ਬਣੇ ਹੋਏ ਹਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਾਫ਼ੀ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਹਨ। ਇਸ ਸਬੰਧੀ ਸਮਾਜ ਸੇਵੀ ਸੋਨੂੰ ਅਰੋੜਾ ਨੇ ਕਿਹਾ ਕਿ ਆਰਾ ਰੋਡ ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਹੈ, ਪਰ ਇਸ ਸਮੱਸਿਆ ਦਾ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਸੜਕ ’ਤੇ ਬਣੇ ਡੂੰਘੇ ਟੋਏ ਵਾਹਨ ਚਾਲਕਾਂ ਲਈ ਮੁਸੀਬਤ ਬਣੇ ਹੋਏ ਹਨ। ਖ਼ਾਸ ਕਰਕੇ ਈ-ਰਿਕਸ਼ਾ ਅਤੇ ਮੋਟਰਸਾਈਕਲ ਚਾਲਕਾਂ ਨੂੰ ਇਸ ਸੜਕ ਤੋਂ ਲੰਘਦਿਆਂ ਕਾਫ਼ੀ ਸਾਵਧਾਨੀ ਵਰਤਣੀ ਪੈਂਦੀ ਹੈ। ਕਈ ਵਾਰ ਟੋਇਆਂ ਕਾਰਨ ਵਾਹਨਾਂ ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਨਾਲ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸੋਨੂੰ ਅਰੋੜਾ ਨੇ ਦੱਸਿਆ ਕਿ ਆਰਾ ਰੋਡ ’ਤੇ ਕਈ ਨਿੱਜੀ ਹਸਪਤਾਲ ਸਥਿਤ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਉਂਦੇ-ਜਾਂਦੇ ਹਨ। ਮਰੀਜ਼ਾਂ ਨੂੰ ਹਸਪਤਾਲਾਂ ਤੱਕ ਲਿਜਾਣ ਵਾਲੇ ਵਾਹਨਾਂ ਨੂੰ ਵੀ ਇਸ ਖਸਤਾ ਸੜਕ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਜ ਸੇਵੀ ਸੋਨੂੰ ਅਰੋੜਾ ਨੇ ਦੱਸਿਆ ਕਿ ਆਰਾ ਰੋਡ ਦੀ ਮੁਰੰਮਤ ਕਰਵਾਉਣ ਲਈ ਪਹਿਲਾਂ ਵੀ ਕਈ ਵਾਰ ਮੰਗ ਉਠਾਈ ਜਾ ਚੁੱਕੀ ਹੈ। ਕਰੀਬ ਇਕ ਸਾਲ ਪਹਿਲਾਂ ਸੜਕ ’ਤੇ ਪੈਚਵਰਕ ਕਰਵਾ ਕੇ ਕੰਮ ਛੱਡ ਦਿੱਤਾ ਗਿਆ ਸੀ, ਪਰ ਇਸ ਨਾਲ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਦੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਇਲਾਕੇ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਨਗਰ ਨਿਗਮ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਆਰਾ ਰੋਡ ਦੇ ਨਿਰਮਾਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਸੜਕ ’ਤੇ ਹਾਦਸਿਆਂ ਦੇ ਖ਼ਤਰੇ ਨੂੰ ਘਟਾਇਆ ਜਾ ਸਕੇ।