ਸਰਕਾਰੀ ਬੱਸਾਂ ਖੁਸ਼ਹਾਲ ਪੰਜਾਬ ਰੈਲੀ ’ਚ ਗਈਆਂ, ਮੁਸਾਫਰ ਪਰੇਸ਼ਾਨ ਮੋਗਾ ਵਿਖੇ ਅੱਜ ਆਮ ਆਦਮੀ
Publish Date: Thu, 26 Nov 2026 06:22 PM (IST)
Updated Date: Thu, 26 Nov 2026 06:22 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਮੋਗਾ ਵਿਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਕਰਵਾਈ ਗਈ ਖੁਸ਼ਹਾਲ ਪੰਜਾਬ ਰੈਲੀ ਦੌਰਾਨ ਸਰਕਾਰੀ ਬੱਸਾਂ ਦੇ ਰੈਲੀ ਵਿੱਚ ਜਾਣ ਕਾਰਨ ਸਥਾਨਕ ਬੱਸ ਸਟੈਂਡ ਵਿਖੇ ਆਮ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੱਸ ਸਟੈਂਡ ਤੇ ਪਹੁੰਚੀਆਂ ਸਵਾਰੀਆਂ ਲੰਮੇ ਸਮੇਂ ਤੱਕ ਸਰਕਾਰੀ ਬੱਸਾਂ ਦੀ ਉਡੀਕ ਕਰਦੀਆਂ ਰਹੀਆਂ, ਪਰ ਬੱਸਾਂ ਦੀ ਉਪਲਬਧਤਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਆਪਣੀ ਮੰਜ਼ਿਲ ਵੱਲ ਜਾਣ ਲਈ ਕਾਫ਼ੀ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਦੌਰਾਨ ਬੱਸ ਅੱਡੇ ਤੇ ਸਵਾਰੀਆਂ ਦੀ ਖੱਜਲ-ਖੁਆਰੀ ਦੇਖਣ ਨੂੰ ਮਿਲੀ। ਬੱਸ ਸਟੈਂਡ ਵਿਖੇ ਬੱਸਾਂ ਦੀ ਉਡੀਕ ਕਰ ਰਹੀਆਂ ਕਈ ਸਵਾਰੀਆਂ ਨੇ ਆਪਣੀ ਪ੍ਰੇਸ਼ਾਨੀ ਬਿਆਨ ਕਰਦਿਆਂ ਕਿਹਾ ਕਿ ਜਦੋਂ ਵੀ ਸ਼ਹਿਰ ਜਾਂ ਆਸ-ਪਾਸ ਦੇ ਇਲਾਕਿਆਂ ਵਿੱਚ ਕੋਈ ਵੱਡੀ ਰੈਲੀ ਜਾਂ ਸਿਆਸੀ ਸਮਾਗਮ ਹੁੰਦਾ ਹੈ ਤਾਂ ਅਕਸਰ ਸਰਕਾਰੀ ਬੱਸਾਂ ਨੂੰ ਰੈਲੀਆਂ ਵਿੱਚ ਲੋਕਾਂ ਨੂੰ ਲਿਜਾਣ ਲਈ ਵਰਤਿਆ ਜਾਂਦਾ ਹੈ। ਇਸ ਕਾਰਨ ਆਮ ਲੋਕਾਂ ਲਈ ਬੱਸਾਂ ਦੀ ਕਮੀ ਪੈਦਾ ਹੋ ਜਾਂਦੀ ਹੈ ਅਤੇ ਰੋਜ਼ਾਨਾ ਆਪਣੇ ਕੰਮਾਂ-ਕਾਰਾਂ, ਨੌਕਰੀਆਂ, ਪੜ੍ਹਾਈ ਜਾਂ ਹੋਰ ਜ਼ਰੂਰੀ ਕੰਮਾਂ ਲਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਵਾਰੀਆਂ ਨੇ ਦੱਸਿਆ ਕਿ ਇਸ ਸਮੱਸਿਆ ਦਾ ਸਭ ਤੋਂ ਵੱਧ ਅਸਰ ਔਰਤਾਂ ਤੇ ਪੈਂਦਾ ਹੈ, ਕਿਉਂਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਔਰਤਾਂ ਨੂੰ ਆਧਾਰ ਕਾਰਡ ਦਿਖਾ ਕੇ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨਾ ਪੈਂਦਾ ਹੈ। ਅਜਿਹੇ ਵਿੱਚ ਜਦੋਂ ਸਰਕਾਰੀ ਬੱਸਾਂ ਹੀ ਰੈਲੀਆਂ ਜਾਂ ਹੋਰ ਸਮਾਗਮਾਂ ਲਈ ਭੇਜ ਦਿੱਤੀਆਂ ਜਾਂਦੀਆਂ ਹਨ ਤਾਂ ਔਰਤਾਂ ਨੂੰ ਕਾਫ਼ੀ ਦੇਰ ਤੱਕ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ। ਕਈ ਵਾਰ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੇ ਸਮੇਂ ਸਿਰ ਪਹੁੰਚਣ ਵਿੱਚ ਵੀ ਦਿੱਕਤ ਆਉਂਦੀ ਹੈ। ਉਨ੍ਹਾਂ ਨੇ ਸਬੰਧਤ ਟਰਾਂਸਪੋਰਟ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਵਿੱਖ ਵਿੱਚ ਅਜਿਹੇ ਵੱਡੇ ਸਮਾਗਮਾਂ ਅਤੇ ਰੈਲੀਆਂ ਦੌਰਾਨ ਆਮ ਲੋਕਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਲਈ ਪਹਿਲਾਂ ਤੋਂ ਢੁੱਕਵੇਂ ਪ੍ਰਬੰਧ ਕੀਤੇ ਜਾਣ। ਬੱਸਾਂ ਦੀ ਡਿਊਟੀ ਲਗਾਉਣ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਬੱਸਾਂ ਦੀ ਘਾਟ ਕਾਰਨ ਖੱਜਲ-ਖੁਆਰ ਨਾ ਹੋਣਾ ਪਵੇ। ਸਵਾਰੀਆਂ ਦਾ ਕਹਿਣਾ ਸੀ ਕਿ ਸਰਕਾਰੀ ਬੱਸ ਸੇਵਾ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਸਸਤੀ ਅਤੇ ਸੁਖਾਲੀ ਆਵਾਜਾਈ ਮੁਹੱਈਆ ਕਰਵਾਉਣਾ ਹੈ। ਇਸ ਲਈ ਕਿਸੇ ਵੀ ਵਿਸ਼ੇਸ਼ ਸਮਾਗਮ ਦੌਰਾਨ ਆਮ ਜਨਤਾ ਦੀ ਸਹੂਲਤ ਨੂੰ ਪਹਿਲ ਦੇਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਘੰਟਿਆਂਬੱਧੀ ਬੱਸਾਂ ਦੀ ਉਡੀਕ ਨਾ ਕਰਨੀ ਪਵੇ। ਰੈਲੀ ਸਮਾਪਤ ਹੋਣ ਤੋਂ ਬਾਅਦ ਜਦੋਂ ਸਰਕਾਰੀ ਬੱਸਾਂ ਵਾਪਸ ਮੋਗਾ ਬੱਸ ਸਟੈਂਡ ਵਿਚ ਪਹੁੰਚਣੀਆਂ ਸ਼ੁਰੂ ਹੋਈਆਂ ਤਾਂ ਉੱਥੇ ਪਹਿਲਾਂ ਤੋਂ ਹੀ ਬੱਸਾਂ ਦੀ ਉਡੀਕ ਕਰ ਰਹੀਆਂ ਸਵਾਰੀਆਂ ਦੀ ਭੀੜ ਬੱਸਾਂ ਵੱਲ ਵਹਿ ਤੁਰੀ। ਹਰ ਕੋਈ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਪਹਿਲਾਂ ਬੱਸ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ। ਬੱਸਾਂ ਦੇ ਬੱਸ ਸਟੈਂਡ ਵਿੱਚ ਦਾਖ਼ਲ ਹੁੰਦਿਆਂ ਹੀ ਸਵਾਰੀਆਂ ਵਿੱਚ ਚੜ੍ਹਨ ਦੀ ਹੋੜ ਲੱਗ ਗਈ। ਕਾਫ਼ੀ ਸਮੇਂ ਤੋਂ ਉਡੀਕ ਕਰ ਰਹੇ ਲੋਕਾਂ ਨੇ ਬੱਸਾਂ ਵੱਲ ਰੁਖ਼ ਕੀਤਾ, ਜਿਸ ਕਾਰਨ ਬੱਸ ਸਟੈਂਡ ਵਿੱਚ ਕੁਝ ਸਮੇਂ ਲਈ ਭੀੜ ਵਾਲਾ ਮਾਹੌਲ ਬਣ ਗਿਆ। ਖ਼ਾਸ ਕਰਕੇ ਔਰਤਾਂ ਅਤੇ ਬਜ਼ੁਰਗਾਂ ਨੂੰ ਬੱਸਾਂ ਵਿੱਚ ਸਵਾਰ ਹੋਣ ਲਈ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਦ੍ਰਿਸ਼ ਇਸ ਗੱਲ ਨੂੰ ਦਰਸਾ ਰਿਹਾ ਸੀ ਕਿ ਰੈਲੀ ਕਾਰਨ ਬੱਸ ਸੇਵਾ ਪ੍ਰਭਾਵਿਤ ਹੋਣ ਨਾਲ ਆਮ ਯਾਤਰੀਆਂ ਨੂੰ ਕਿੰਨੀ ਖੱਜਲ-ਖੁਆਰੀ ਝੱਲਣੀ ਪਈ।