- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ

ਖੁੱਲ੍ਹੇ ਅਸਮਾਨ ਹੇਠ ਪਈ ਝੋਨੇ ਦੀ ਫਸਲ ਭਿੱਜੀ, ਮਾੜੇ ਪ੍ਰਬੰਧਾਂ ਕਾਰਨ ਕਿਸਾਨਾਂ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖ਼ਰੀਦ ਲਈ ਅਨਾਜ ਮੰਡੀਆਂ ਵਿਚ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੋਗਾ ਦੀ ਅਨਾਜ ਮੰਡੀ ਵਿਚ ਐਤਵਾਰ ਸਵੇਰੇ ਹੋਈ ਹਲਕੀ ਬਾਰਿਸ਼ ਨੇ ਇੰਨ੍ਹਾਂ ਪ੍ਰਬੰਧਾਂ ਦੀ ਹਕੀਕਤ ਸਾਹਮਣੇ ਲਿਆ ਦਿੱਤੀ। ਤੜਕਸਾਰ ਕਰੀਬ 6 ਵਜੇ ਪਏ ਮੀਂਹ ਕਾਰਨ ਖੁੱਲ੍ਹੇ ਅਸਮਾਨ ਹੇਠ ਵਿਕਰੀ ਲਈ ਰੱਖਿਆ ਗਿਆ ਝੋਨਾ ਭਿੱਜ ਗਿਆ, ਜਿਸ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ। ਕਿਸਾਨਾਂ ਨੇ ਮੰਡੀ ਵਿਚ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਲੋੜੀਂਦੀਆਂ ਤਰਪਾਲਾਂ ਅਤੇ ਹੋਰ ਪ੍ਰਬੰਧਾਂ ਦੀ ਘਾਟ ’ਤੇ ਰੋਸ ਜ਼ਾਹਰ ਕਰਦਿਆਂ ਸਬੰਧਤ ਵਿਭਾਗਾਂ ਤੋਂ ਤੁਰੰਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਮੰਡੀ ਵਿਚ ਮੌਜੂਦ ਕਿਸਾਨਾਂ ਦਲੀਪ ਸਿੰਘ, ਬਾਵਾ ਸਿੰਘ ਅਤੇ ਹੋਰਨਾਂ ਨੇ ਆਪਣੀ ਪਰੇਸ਼ਾਨੀ ਜ਼ਾਹਰ ਕਰਦਿਆਂ ਦੱਸਿਆ ਕਿ ਕਿਸਾਨ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਲੈ ਕੇ ਪਹੁੰਚ ਰਹੇ ਹਨ। ਅਜਿਹੇ ਸਮੇਂ ਫ਼ਸਲ ਦੀ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਹੋਣੇ ਬੇਹੱਦ ਜ਼ਰੂਰੀ ਹਨ, ਪਰ ਮੰਡੀ ਵਿਚ ਮੀਂਹ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਨੂੰ ਖੁਦ ਹੀ ਆਪਣੀ ਫ਼ਸਲ ਸੰਭਾਲਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ ਅਚਾਨਕ ਮੀਂਹ ਪੈਣ ਕਾਰਨ ਖੁੱਲ੍ਹੇ ਵਿੱਚ ਪਿਆ ਝੋਨਾ ਭਿੱਜ ਗਿਆ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਭੱਜ-ਦੌੜ ਕਰਨੀ ਪਈ। ਐਤਵਾਰ ਸਵੇਰੇ ਜਦੋਂ ਜ਼ਿਆਦਾਤਰ ਕਿਸਾਨ ਆਰਾਮ ਕਰ ਰਹੇ ਸਨ ਤਾਂ ਅਚਾਨਕ ਮੌਸਮ ਬਦਲਣ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਮੀਂਹ ਦੀਆਂ ਬੂੰਦਾਂ ਪੈਂਦਿਆਂ ਹੀ ਕਿਸਾਨ ਆਪਣੀ ਫ਼ਸਲ ਨੂੰ ਬਚਾਉਣ ਲਈ ਮੰਡੀ ਵੱਲ ਦੌੜੇ ਅਤੇ ਝੋਨੇ ਨੂੰ ਢਕਣ ਦੀ ਕੋਸ਼ਿਸ਼ ਕਰਨ ਲੱਗੇ। ਹਾਲਾਂਕਿ ਕਈ ਥਾਵਾਂ ’ਤੇ ਪਿਆ ਝੋਨਾ ਮੀਂਹ ਦੀ ਲਪੇਟ ਵਿਚ ਆ ਗਿਆ। ਇਸ ਕਾਰਨ ਕਿਸਾਨਾਂ ਨੂੰ ਹੁਣ ਭਿੱਜੇ ਹੋਏ ਝੋਨੇ ਨੂੰ ਮੁੜ ਸੁਕਾਉਣ ਲਈ ਵਾਧੂ ਮਿਹਨਤ ਕਰਨੀ ਪਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿਚ ਲਿਆਉਣ ਤੋਂ ਬਾਅਦ ਉਸ ਨੂੰ ਸੁਕਾਉਣ, ਸਾਫ਼ ਕਰਨ ਅਤੇ ਖ਼ਰੀਦ ਲਈ ਤਿਆਰ ਕਰਨ ਵਾਸਤੇ ਪਹਿਲਾਂ ਹੀ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਜੇਕਰ ਮੀਂਹ ਕਾਰਨ ਫ਼ਸਲ ਭਿੱਜ ਜਾਵੇ ਤਾਂ ਉਸ ਦੀ ਨਮੀ ਘਟਾਉਣ ਲਈ ਹੋਰ ਸਮਾਂ ਲੱਗਦਾ ਹੈ। ਇਸ ਨਾਲ ਫ਼ਸਲ ਦੀ ਵਿਕਰੀ ਵਿਚ ਦੇਰੀ ਹੋਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਚ ਅਚਾਨਕ ਤਬਦੀਲੀ ਆਉਣ ਦੀ ਸਥਿਤੀ ਵਿਚ ਫ਼ਸਲ ਦੀ ਸੁਰੱਖਿਆ ਲਈ ਮੰਡੀ ਪ੍ਰਬੰਧਕਾਂ ਵੱਲੋਂ ਪਹਿਲਾਂ ਤੋਂ ਹੀ ਢੁੱਕਵੇਂ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ।
ਮੰਡੀਆਂ ’ਚ ਝੋਨੇ ਦੀ ਆਮਦ ਵਧੀ, ਪ੍ਰਬੰਧ ਨਾਕਾਫ਼ੀ
ਮੋਗਾ ਦੀ ਮੁੱਖ ਅਨਾਜ਼ ਮੰਡੀ ਸਮੇਤ ਜ਼ਿਲ੍ਹੇ ਦੀਆਂ ਹੋਰ ਮੰਡੀਆਂ ਵਿਚ ਵੀ ਝੋਨੇ ਦੀ ਆਮਦ ਲਗਾਤਾਰ ਵਧ ਰਹੀ ਹੈ। ਪਹਿਲੀ ਅਕਤੂਬਰ ਤੋਂ ਸਰਕਾਰੀ ਖ਼ਰੀਦ ਸ਼ੁਰੂ ਹੋਣ ਮਗਰੋਂ ਸ਼ੁਰੂਆਤੀ ਦਿਨਾਂ ਵਿਚ ਝੋਨੇ ਦੀ ਆਮਦ ਘੱਟ ਰਹੀ ਸੀ ਪਰ ਹੁਣ ਕਿਸਾਨ ਵੱਡੀ ਗਿਣਤੀ ਵਿਚ ਆਪਣੀ ਫ਼ਸਲ ਲੈ ਕੇ ਮੰਡੀਆਂ ਵਿਚ ਪਹੁੰਚ ਰਹੇ ਹਨ। ਮੰਡੀ ਵਿਚ ਕਈ ਥਾਵਾਂ ’ਤੇ ਝੋਨੇ ਦੇ ਢੇਰ ਲੱਗੇ ਹੋਏ ਹਨ ਅਤੇ ਖੁੱਲ੍ਹੀਆਂ ਥਾਵਾਂ ’ਤੇ ਵੀ ਫ਼ਸਲ ਰੱਖੀ ਜਾ ਰਹੀ ਹੈ। ਅਜਿਹੇ ਹਾਲਾਤ ਵਿਚ ਫ਼ਸਲ ਨੂੰ ਮੀਂਹ, ਨਮੀ ਅਤੇ ਹੋਰ ਮੌਸਮੀ ਪ੍ਰਭਾਵਾਂ ਤੋਂ ਬਚਾਉਣਾ ਬੇਹੱਦ ਜ਼ਰੂਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਖ਼ਰੀਦ ਦੇ ਨਾਲ-ਨਾਲ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਅਤੇ ਫ਼ਸਲ ਦੀ ਸੁਰੱਖਿਆ ਨੂੰ ਵੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਵੇਚਣ ਸਮੇਂ ਵਾਧੂ ਮੁਸ਼ਕਲਾਂ ਨਾ ਝੱਲਣੀਆਂ ਪੈਣ। ਕਿਸਾਨਾਂ ਨੇ ਮਾਰਕੀਟ ਕਮੇਟੀ ਅਤੇ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੋਗਾ ਦੀ ਅਨਾਜ਼ ਮੰਡੀ ਵਿਚ ਝੋਨੇ ਨੂੰ ਮੀਂਹ ਤੋਂ ਬਚਾਉਣ ਲਈ ਤੁਰੰਤ ਲੋੜੀਂਦੀਆਂ ਤਰਪਾਲਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਹੀ ਫ਼ਸਲ ਨੂੰ ਸੁਰੱਖਿਅਤ ਰੱਖਣ, ਸੁਕਾਉਣ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਵੀ ਢੁੱਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਹੀਨਿਆਂ ਦੀ ਮਿਹਨਤ ਨਾਲ ਤਿਆਰ ਹੋਈ ਫ਼ਸਲ ਦੀ ਸੁਰੱਖਿਆ ਯਕੀਨੀ ਬਣਾਉਣਾ ਸਬੰਧਤ ਵਿਭਾਗਾਂ ਦੀ ਜ਼ਿੰਮੇਵਾਰੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਕਿੰਨੀ ਜਲਦੀ ਕਦਮ ਚੁੱਕਦਾ ਹੈ।
ਤਰਪਾਲਾਂ ਦੀ ਘਾਟ ਕਾਰਨ ਵਧੀ ਪਰੇਸ਼ਾਨੀ
ਮੰਡੀ ਵਿਚ ਝੋਨੇ ਦੀ ਸੁਰੱਖਿਆ ਲਈ ਲੋੜੀਂਦੀਆਂ ਤਰਪਾਲਾਂ ਦੇ ਪ੍ਰਬੰਧ ਨਾ ਹੋਣ ਦਾ ਮੁੱਦਾ ਵੀ ਕਿਸਾਨਾਂ ਨੇ ਉਠਾਇਆ। ਕਿਸਾਨਾਂ ਅਨੁਸਾਰ, ਮੀਂਹ ਤੋਂ ਫ਼ਸਲ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਢੁੱਕਵੇਂ ਇੰਤਜ਼ਾਮ ਨਹੀਂ ਕੀਤੇ ਗਏ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਫ਼ਸਲ ਦੀ ਸੁਰੱਖਿਆ ਲਈ ਆੜ੍ਹਤੀਆਂ ਅਤੇ ਆਪਣੇ ਨਿੱਜੀ ਪ੍ਰਬੰਧਾਂ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੰਡੀ ਵਿਚ ਲੋੜੀਂਦੀਆਂ ਤਰਪਾਲਾਂ ਉਪਲਬਧ ਹੋਣ ਅਤੇ ਫ਼ਸਲ ਨੂੰ ਸੁਰੱਖਿਅਤ ਥਾਵਾਂ ’ਤੇ ਰੱਖਣ ਲਈ ਪ੍ਰਬੰਧ ਕੀਤੇ ਜਾਣ ਤਾਂ ਅਚਾਨਕ ਮੀਂਹ ਪੈਣ ਦੀ ਸਥਿਤੀ ਵਿਚ ਕਿਸਾਨਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨਾਂ ਨੇ ਸਵਾਲ ਉਠਾਇਆ ਕਿ ਜਦੋਂ ਹਰ ਸਾਲ ਝੋਨੇ ਦੀ ਖ਼ਰੀਦ ਦਾ ਸੀਜ਼ਨ ਆਉਂਦਾ ਹੈ ਤਾਂ ਮੌਸਮ ਦੀ ਮਾਰ ਤੋਂ ਫ਼ਸਲ ਨੂੰ ਬਚਾਉਣ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ।