ਸ਼ਰਧਾਲੂਆਂ ਨੇ ਮਾਣਿਆ ਕਥਾ ਕੀਰਤਨ ਦਾ ਆਨੰਦ ਬ੍ਰਹਮਲੀਨ ਸਦਗੁਰੂ ਪੂਜਯਪਾਦ
Publish Date: Mon, 27 Jul 2026 03:20 PM (IST)
Updated Date: Mon, 27 Jul 2026 03:21 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਬ੍ਰਹਮਲੀਨ ਸਦਗੁਰੂ ਪੂਜਯਪਾਦ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਅਤੇ ਬ੍ਰਹਮਲੀਨ ਮਹਾਮੰਡਲੇਸ਼ਵਰ ਸਵਾਮੀ ਸਹਜ ਪ੍ਰਕਾਸ਼ ਜੀ ਮਹਾਰਾਜ ਦੀ ਪਾਵਨ ਤਪੋਭੂਮੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਸੰਗੀਤਮਈ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਥਾ ਦੇ ਛੇਵੇਂ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਦਾ ਮਾਹੌਲ ਰਿਹਾ। ਕਥਾ ਆਰੰਭ ਤੋਂ ਪਹਿਲਾਂ ਵੇਦਿਕ ਮੰਤਰੋਚਾਰਣ ਵਿਚਕਾਰ ਕਲਸ਼ ਪੂਜਨ ਕੀਤਾ ਗਿਆ ਅਤੇ ਸ਼ਾਲਿਗ੍ਰਾਮ ਭਗਵਾਨ ਦਾ ਪੰਚਾਮ੍ਰਿਤ ਨਾਲ ਦਿਵਿਆ ਅਭਿਸ਼ੇਕ ਕਰਕੇ ਸਮੂਹ ਮਨੁੱਖਤਾ ਦੀ ਭਲਾਈ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਸਚਿਵ ਅੰਸ਼ੁਲ ਸ਼੍ਰੀਕੁੰਜ ਹਰਿਦੁਆਰ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸੂਦ, ਜੂਨੀਅਰ ਮੀਤ ਪ੍ਰਧਾਨ ਭਰਤ ਕੁਮਾਰ ਅਗਰਵਾਲ, ਸਹਿ ਸਕੱਤਰ ਸੁਰਿੰਦਰ ਗੋਇਲ, ਖਜ਼ਾਨਚੀ ਯੋਗੇਸ਼ ਗਰਗ, ਟਰੱਸਟੀ ਐਡਵੋਕੇਟ ਮਨਵਿੰਦਰ ਸੱਗੂ, ਐਡਵੋਕੇਟ ਕ੍ਰਿਸ਼ਨ ਮੁਰਾਰੀ ਗੁਪਤਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਪੂਜਨ ਅਤੇ ਮੰਗਲਾਚਰਨ ਨਾਲ ਕੀਤੀ ਗਈ। ਕਥਾ ਵਿਆਸ ਪੂਜਨੀਕ ਸਵਾਮੀ ਵਿਗਿਆਨਾਨੰਦ ਸਰਸਵਤੀ ਜੀ ਮਹਾਰਾਜ ਨੇ ਸ੍ਰੀਮਦ ਭਾਗਵਤ ਕਥਾ ਦਾ ਅੰਮ੍ਰਿਤਮਈ ਵਰਣਨ ਕਰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਮਨਮੋਹਕ ਬਾਲ ਲੀਲਾਵਾਂ ਅਤੇ ਗੋਵਰਧਨ ਪਰਬਤ ਦੀ ਮਹਿਮਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੇ ਬ੍ਰਜ ਵਾਸੀਆਂ ਨੂੰ ਪ੍ਰਕਿਰਤੀ ਦੀ ਸੰਭਾਲ, ਗਊ ਸੇਵਾ ਅਤੇ ਪਰਮਾਤਮਾ ਪ੍ਰਤੀ ਅਟੱਲ ਸ਼ਰਧਾ ਦਾ ਸੰਦੇਸ਼ ਦਿੱਤਾ। ਜਦੋਂ ਦੇਵਰਾਜ ਇੰਦਰ ਨੇ ਆਪਣੇ ਅਹੰਕਾਰ ’ਚ ਬ੍ਰਜਭੂਮੀ ਤੇ ਭਾਰੀ ਵਰਖਾ ਕੀਤੀ ਤਾਂ ਸ੍ਰੀ ਕ੍ਰਿਸ਼ਨ ਨੇ ਆਪਣੀ ਛੋਟੀ ਉਂਗਲ ਤੇ ਸੱਤ ਦਿਨ ਤੱਕ ਗੋਵਰਧਨ ਪਰਬਤ ਚੁੱਕ ਕੇ ਬ੍ਰਜ ਵਾਸੀਆਂ ਅਤੇ ਗਊਧਨ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਇਹ ਲੀਲਾ ਸਾਨੂੰ ਅਹੰਕਾਰ ਤਿਆਗਣ, ਨਿਮਰਤਾ ਅਪਣਾਉਣ, ਪ੍ਰਕਿਰਤੀ ਦੀ ਰੱਖਿਆ ਕਰਨ ਅਤੇ ਨਿਸ਼ਕਾਮ ਭਗਤੀ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਹਰਿਦੁਆਰ ਤੋਂ ਪਹੁੰਚੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਮਹਾਸਚਿਵ ਅੰਸ਼ੁਲ ਸ਼੍ਰੀਕੁੰਜ ਨੇ ਕਿਹਾ ਕਿ ਗੀਤਾ ਭਵਨ ਕੇਵਲ ਇਕ ਧਾਰਮਿਕ ਸਥਾਨ ਨਹੀਂ, ਸਗੋਂ ਸਨਾਤਨ ਸੰਸਕ੍ਰਿਤੀ, ਸੇਵਾ ਅਤੇ ਸੰਸਕਾਰਾਂ ਦਾ ਜੀਵੰਤ ਕੇਂਦਰ ਹੈ। ਉਨ੍ਹਾਂ ਕਿਹਾ ਕਿ ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਵੱਲੋਂ ਸ਼ੁਰੂ ਕੀਤੀ ਗਈ ਆਧਿਆਤਮਿਕ ਅਤੇ ਸੇਵਾ ਦੀ ਪਰੰਪਰਾ ਨੂੰ ਗੀਤਾ ਭਵਨ ਟਰੱਸਟ ਸੁਸਾਇਟੀ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਟਰੱਸਟ ਦੇ ਸਾਰੇ ਅਹੁਦੇਦਾਰਾਂ, ਖ਼ਾਸ ਕਰਕੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਦੇ ਨੇਤ੍ਰਿਤਵ ਦੀ ਸ਼ਲਾਘਾ ਕਰਦਿਆਂ ਵਿਸ਼ਵਾਸ ਜਤਾਇਆ ਕਿ ਟਰੱਸਟ ਭਵਿੱਖ ’ਚ ਵੀ ਧਰਮ, ਸੇਵਾ ਅਤੇ ਸਮਾਜ ਭਲਾਈ ਦੇ ਕਾਰਜ ਜਾਰੀ ਰੱਖੇਗਾ। ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸ੍ਰੀਮਦ ਭਾਗਵਤ ਕਥਾ ਕੇਵਲ ਧਾਰਮਿਕ ਸਮਾਗਮ ਨਹੀਂ, ਸਗੋਂ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲਾ ਆਧਿਆਤਮਿਕ ਮਹਾਂਯੱਗ ਹੈ। ਉਨ੍ਹਾਂ ਕਿਹਾ ਕਿ ਟਰੱਸਟ ਦਾ ਉਦੇਸ਼ ਸਮਾਜ ਵਿਚ ਭਾਰਤੀ ਸੰਸਕ੍ਰਿਤੀ, ਨੈਤਿਕ ਕਦਰਾਂ-ਕੀਮਤਾਂ ਅਤੇ ਆਧਿਆਤਮਿਕ ਚੇਤਨਾ ਦਾ ਪ੍ਰਸਾਰ ਕਰਨਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਭਾਰਤੀ ਸੰਸਕ੍ਰਿਤੀ, ਸੰਸਕਾਰਾਂ ਅਤੇ ਸ੍ਰੀਮਦ ਭਾਗਵਤ ਦੇ ਆਦਰਸ਼ਾਂ ਨਾਲ ਜੋੜਨ। ਕਥਾ ਦੌਰਾਨ ਸੰਗਤ ਭਜਨਾਂ ਅਤੇ ਸੰਕੀਰਤਨ ’ਚ ਲੀਨ ਰਹੀ। ਸਮੂਹ ਗੀਤਾ ਭਵਨ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਸ਼ਰਧਾਲੂਆਂ ਨੇ ਆਧਿਆਤਮਿਕ ਆਨੰਦ ਦਾ ਅਨੁਭਵ ਕੀਤਾ।