ਸੁਦਾਮਾ ਚਰਿੱਤਰ ਤੇ ਭਗਤੀ ਦੀ ਮਹਿਮਾ ਨਾਲ ਸ਼ਰਧਾਲੂ ਹੋਏ ਭਾਵ-ਵਿਭੋਰ ਬ੍ਰਹਮਲੀਨ ਸਦਗੁਰੂਦੇਵ ਪੂਜਯਪਾਦ ਬ੍ਰਹਮਲੀਨ ਸਦਗੁਰੂਦੇਵ ਪੂਜਯਪਾਦ
Publish Date: Tue, 28 Jul 2026 05:46 PM (IST)
Updated Date: Wed, 29 Jul 2026 04:07 AM (IST)
ਪੂਰਨਾਹੁਤੀ ਹਵਨ ਯੱਗ ਨਾਲ ਵਿਸ਼ਵ ਸ਼ਾਂਤੀ, ਸੁੱਖ-ਸਮ੍ਰਿੱਧੀ ਅਤੇ ਮਨੁੱਖੀ ਭਲਾਈ ਦੀ ਕੀਤੀ ਅਰਦਾਸ ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਬ੍ਰਹਮਲੀਨ ਸਦਗੁਰੂਦੇਵ ਪੂਜਯਪਾਦ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਅਤੇ ਬ੍ਰਹਮਲੀਨ ਮਹਾਮੰਡਲੇਸ਼ਵਰ ਸਵਾਮੀ ਸਹਿਜ ਪ੍ਰਕਾਸ਼ ਜੀ ਮਹਾਰਾਜ ਦੀ ਪਵਿੱਤਰ ਤਪੋਭੂਮੀ ਗੀਤਾ ਭਵਨ ਮੋਗਾ ਵਿਖੇ ਗੀਤਾ ਭਵਨ ਟਰੱਸਟ ਸੋਸਾਇਟੀ ਵੱਲੋਂ ਕਰਵਾਏ ਗਏ ਸੰਗੀਤਮਈ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦੇ ਸੱਤਵੇਂ ਅਤੇ ਆਖ਼ਰੀ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਦਾ ਅਦਭੁੱਤ ਮਾਹੌਲ ਦੇਖਣ ਨੂੰ ਮਿਲਿਆ। ਕਥਾ ਸਮਾਪਤੀ ਮੌਕੇ ਵੇਦਿਕ ਮੰਤਰਾਂ ਦੇ ਉਚਾਰਨ ਵਿਚਕਾਰ ਪੂਰਨਾਹੁਤੀ ਹਵਨ ਯੱਗ ਸੰਪੰਨ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਹੂਤੀਆਂ ਅਰਪਿਤ ਕਰਦਿਆਂ ਵਿਸ਼ਵ ਸ਼ਾਂਤੀ, ਰਾਸ਼ਟਰ ਦੀ ਤਰੱਕੀ, ਮਨੁੱਖੀ ਭਲਾਈ, ਸੁੱਖ-ਸਮ੍ਰਿੱਧੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਵੇਦ ਮੰਤਰਾਂ, ਸ਼ੰਖ ਨਾਦ ਅਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੈਕਾਰਿਆਂ ਨਾਲ ਸਮੁੱਚਾ ਗੀਤਾ ਭਵਨ ਪਰਿਸਰ ਭਗਤੀਮਈ ਰੰਗ ਵਿਚ ਰੰਗਿਆ ਹੋਇਆ ਸੀ। ਸਮਾਗਮ ਦੀ ਸ਼ੁਰੂਆਤ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਸਚਿਵ ਅੰਸ਼ੁਲ ਸ੍ਰੀਕੁੰਜ (ਹਰਿਦੁਆਰ), ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸੂਦ, ਜੂਨੀਅਰ ਮੀਤ ਪ੍ਰਧਾਨ ਭਰਤ ਕੁਮਾਰ ਅਗਰਵਾਲ, ਸਹਿ ਸਕੱਤਰ ਸੁਰਿੰਦਰ ਗੋਇਲ, ਖਜ਼ਾਨਚੀ ਯੋਗੇਸ਼ ਗਰਗ, ਟਰੱਸਟੀ ਐਡਵੋਕੇਟ ਮਨਵਿੰਦਰ ਸੱਗੂ, ਐਡਵੋਕੇਟ ਕ੍ਰਿਸ਼ਨ ਮੁਰਾਰੀ ਗੁਪਤਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਪੂਜਾ ਅਤੇ ਪੂਰਨਾਹੁਤੀ ਹਵਨ ਯੱਗ ਨਾਲ ਕੀਤਾ ਗਿਆ। ਪੂਰਨਾਹੁਤੀ ਹਵਨ ਯੱਗ ਮੌਕੇ ਕਥਾ ਵਿਆਸ ਪੂਜਨੀਯ ਸਵਾਮੀ ਵਿਗਿਆਨਾਨੰਦ ਸਰਸਵਤੀ ਜੀ ਮਹਾਰਾਜ ਨੇ ਕਿਹਾ ਕਿ ਯੱਗ ਸਿਰਫ਼ ਅੱਗ ਵਿਚ ਸਮੱਗਰੀ ਅਰਪਣ ਕਰਨ ਦੀ ਧਾਰਮਿਕ ਰਸਮ ਨਹੀਂ, ਸਗੋਂ ਆਪਣੇ ਅੰਦਰਲੇ ਅਹੰਕਾਰ, ਕ੍ਰੋਧ, ਲੋਭ, ਮੋਹ ਅਤੇ ਨਕਾਰਾਤਮਕ ਰੁਝਾਨਾਂ ਨੂੰ ਤਿਆਗਣ ਦਾ ਆਧਿਆਤਮਿਕ ਸੰਕਲਪ ਹੈ। ਇਸ ਤੋਂ ਬਾਅਦ ਸਵਾਮੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਉਨ੍ਹਾਂ ਦੇ ਪਰਮ ਮਿੱਤਰ ਸੁਦਾਮਾ ਦੇ ਮਾਰਮਿਕ ਪ੍ਰਸੰਗ ਦਾ ਵਰਣਨ ਕਰਦਿਆਂ ਕਿਹਾ ਕਿ ਸੱਚੀ ਭਗਤੀ ਕਦੇ ਵੀ ਧਨ-ਦੌਲਤ ਦੀ ਮੁਥਾਜ ਨਹੀਂ ਹੁੰਦੀ। ਭਗਵਾਨ ਕੇਵਲ ਭਗਤ ਦੀ ਨਿਰਮਲ ਭਾਵਨਾ, ਪ੍ਰੇਮ ਅਤੇ ਸਮਰਪਣ ਨੂੰ ਹੀ ਸਵੀਕਾਰ ਕਰਦੇ ਹਨ। ਇਸ ਮੌਕੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਦੀ ਸਮਾਪਤੀ ਭਗਤੀ ਦਾ ਅੰਤ ਨਹੀਂ, ਸਗੋਂ ਨਵੇਂ ਆਧਿਆਤਮਿਕ ਜੀਵਨ ਦੀ ਸ਼ੁਰੂਆਤ ਹੈ। ਜੇਕਰ ਸ਼ਰਧਾਲੂ ਕਥਾ ਵਿਚ ਸੁਣੇ ਗਏ ਆਦਰਸ਼ਾਂ ਨੂੰ ਆਪਣੇ ਜੀਵਨ ਵਿਚ ਅਪਣਾ ਲੈਣ ਤਾਂ ਪਰਿਵਾਰ, ਸਮਾਜ ਅਤੇ ਰਾਸ਼ਟਰ ਦਾ ਸਰੂਪ ਆਪਣੇ ਆਪ ਬਦਲ ਸਕਦਾ ਹੈ। ਇਸ ਮੌਕੇ ਅੰਸ਼ੁਲ ਸ੍ਰੀਕੁੰਜ ਨੇ ਕਿਹਾ ਕਿ ਗੀਤਾ ਭਵਨ ਵਿਚ ਹੋਈ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਥਾ ਨੇ ਪੂਰੇ ਇਲਾਕੇ ਵਿਚ ਭਗਤੀ ਅਤੇ ਆਧਿਆਤਮਿਕ ਜਾਗਰੂਕਤਾ ਦਾ ਮਾਹੌਲ ਪੈਦਾ ਕੀਤਾ ਹੈ। ਇਸ ਮੌਕੇ ਪੂਰਨਾਹੁਤੀ ਹਵਨ ਯੱਗ ਤੋਂ ਬਾਅਦ ਸਾਰੇ ਸ਼ਰਧਾਲੂਆਂ ਵਿਚ ਪ੍ਰਸਾਦ ਵੰਡਿਆ ਗਿਆ ਅਤੇ ਸਮੁੱਚੇ ਮਾਹੌਲ ਵਿਚ ਆਧਿਆਤਮਿਕ ਊਰਜਾ, ਸ਼ਰਧਾ ਅਤੇ ਭਗਤੀ ਦੀ ਅਨੋਖੀ ਛਟਾ ਦੇਖਣ ਨੂੰ ਮਿਲੀ।