- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਸ਼ਵਿਨ ਨਵਰਾਤਰੀ ਦੇ ਪਵਿੱਤਰ ਮੌਕੇ ’ਤੇ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਆਸ਼ਵਿਨ ਨਵਰਾਤਰੀ ਦੇ ਪਵਿੱਤਰ ਮੌਕੇ ’ਤੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ (ਮਾਸੀ ਗਿਆਨ ਦੇਵੀ ਮੰਦਰ) ਰਾਮਗੰਜ ਵਿਖੇ ਘਟ ਸਥਾਪਨਾ ਦੇ ਨਾਲ ਨੌਂ ਰੋਜ਼ਾ ਨਵਰਾਤਰੀ ਉਤਸਵ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਪੰਡਤ ਅਸ਼ਵਨੀ ਸ਼ਰਮਾ ਨੇ ਵਿਧੀ-ਵਿਧਾਨ ਅਤੇ ਮੰਤਰ ਉਚਾਰਨ ਨਾਲ ਹਵਨ-ਪੂਜਨ ਕਰਵਾਇਆ। ਇਸ ਉਪਰੰਤ ਕਲਸ਼ ਸਥਾਪਨਾ ਕਰਕੇ ਮਾਂ ਦੁਰਗਾ ਦੀ ਪੂਜਾ-ਅਰਚਨਾ ਕੀਤੀ ਗਈ ਅਤੇ ਨੌਂ ਦਿਨਾਂ ਤੱਕ ਚੱਲਣ ਵਾਲੇ ਧਾਰਮਿਕ ਉਤਸਵ ਦੀ ਸ਼ੁਰੂਆਤ ਕੀਤੀ ਗਈ। ਇਸ ਧਾਰਮਿਕ ਸਮਾਗਮ ਵਿਚ ਮੰਦਰ ਕਮੇਟੀ ਦੇ ਪ੍ਰਧਾਨ ਸੋਨੂੰ ਅਰੋੜਾ ਸਮੇਤ ਹੋਰ ਅਹੁਦੇਦਾਰਾਂ ਅਤੇ ਮੁਹੱਲਾ ਵਾਸੀਆਂ ਨੇ ਸ਼ਿਰਕਤ ਕੀਤੀ। ਸਮੂਹ ਸ਼ਰਧਾਲੂਆਂ ਨੇ ਹਵਨ-ਪੂਜਨ ਵਿਚ ਭਾਗ ਲੈਂਦਿਆਂ ਮਾਂ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਮੰਦਰ ਦੀਆਂ ਧਾਰਮਿਕ ਗਤੀਵਿਧੀਆਂ ਸਬੰਧੀ ਮੰਦਰ ਕਮੇਟੀ ਦੇ ਪ੍ਰਧਾਨ ਸੋਨੂੰ ਅਰੋੜਾ ਅਤੇ ਜਨਰਲ ਸਕੱਤਰ ਨਾਨਕ ਚੋਪੜਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਸ੍ਰੀ ਲਕਸ਼ਮੀ ਨਾਰਾਇਣ ਮੰਦਰ ਸ਼ਰਧਾਲੂਆਂ ਦੀ ਆਸਥਾ ਦਾ ਇਕ ਪ੍ਰਮੁੱਖ ਕੇਂਦਰ ਹੈ। ਮੰਦਰ ਕਮੇਟੀ ਵੱਲੋਂ ਸਮੇਂ-ਸਮੇਂ ’ਤੇ ਧਾਰਮਿਕ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਸ਼ਹਿਰ ਵਾਸੀਆਂ ਨੂੰ ਧਰਮ, ਸੰਸਕਾਰਾਂ ਅਤੇ ਸਮਾਜਿਕ ਏਕਤਾ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਰਾਹੀਂ ਲੋਕਾਂ ਵਿਚ ਆਪਸੀ ਭਾਈਚਾਰੇ, ਪਿਆਰ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਮੇਂ-ਸਮੇਂ ’ਤੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਨਵਰਾਤਰੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਮਾਂ ਦੁਰਗਾ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਸਾਰਿਆਂ ਦੇ ਜੀਵਨ ਵਿਚ ਸੁੱਖ, ਸ਼ਾਂਤੀ, ਖੁਸ਼ਹਾਲੀ, ਸਮਰਿੱਧੀ ਅਤੇ ਚੰਗੀ ਸਿਹਤ ਬਣੀ ਰਹੇ। ਇਸ ਮੌਕੇ ਨਾਨਕ ਚੋਪੜਾ, ਰਾਕੇਸ਼ ਮਹਿਤਾ, ਪੰਡਿਤ ਅਸ਼ਵਨੀ ਸ਼ਰਮਾ, ਸੰਤੋਸ਼ ਤਰੇਹਨ, ਮਨੀਸ਼ ਤਰੇਹਨ, ਮਮਤਾ ਮੋਂਗਾ ਸਮੇਤ ਹੋਰ ਸ਼ਹਿਰ ਵਾਸੀ ਅਤੇ ਸ਼ਰਧਾਲੂ ਹਾਜ਼ਰ ਸਨ।