ਐੱਨਐੱਚਐੱਮ ਕਾਮਿਆਂ ਵੱਲੋਂ ਸਰਕਾਰ ਦੇ ਲਾਰਿਆਂ ਦੀ ਪੰਡ ਫੂਕ ਕੇ ਪ੍ਰਦਰਸ਼ਨ ਐੱਨਐੱ ਚਐੱਮ ਇੰਪਲਾ ਈਜ਼
Publish Date: Thu, 20 Aug 2026 04:17 PM (IST)
Updated Date: Thu, 20 Aug 2026 04:18 PM (IST)
ਯੂਨੀਅਨ ਨੇ ਸਰਕਾਰ ਦੀ ਨੀਤੀ ਵਿਰੁੱਧ ਚੁੱਕੇ ਸਵਾਲ, ਕੀਤੀ ਨਾਅਰੇਬਾਜ਼ੀ ਪੰਜਾਬੀ ਜਾਗਰਣ ਟੀਮ, ਮੋਗਾ: ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਰੋਸ ਜਤਾਇਆ ਕਿ ਇਕ ਪਾਸੇ ਤਾਂ ਸਰਕਾਰ ਆਪਣੇ ਵਿਗਿਆਪਨਾਂ, ਹੋਰ ਸਕੀਮਾਂ ਤੇ ਬੇਹਿਸਾਬ ਪੈਸਾ ਖ਼ਰਚ ਕਰ ਰਹੀ ਹੈ ਪਰ ਐੱਨਐੱਚਐੱਮ ਕਾਮੇ ਜਿਹੜੇ ਇਸ ਮਹਿੰਗਾਈ ਭਰੇ ਦੌਰ ਵਿਚ ਤਨਖ਼ਾਹਾਂ ਵਿਚ ਵਾਧੇ ਦੀ ਮੰਗ ਕਰ ਰਹੇ ਹਨ, ਉਸ ਵੇਲੇ ਖਾਲੀ ਖਜ਼ਾਨੇ ਦਾ ਹਵਾਲਾ ਦੇ ਕੇ ਪੱਲਾ ਝਾੜ੍ਹ ਲੈਂਦੀ ਹੈ।ਯੂਨੀਅਨ ਨੇ ਸਰਕਾਰ ਦੀਆਂ ਇੰਨ੍ਹਾਂ ਦੋਗਲੀਆਂ ਨੀਤੀਆਂ ’ਤੇ ਸਵਾਲ ਚੁੱਕਿਆ ਹੈ ਕਿ ਹੋਰ ਸਕੀਮਾਂ ਲਈ ਪੈਸਾ ਕਿੱਥੋਂ ਆ ਰਿਹਾ ਹੈ। ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਗੁਲਸ਼ਨ ਸ਼ਰਮਾ ਫ਼ਰੀਦਕੋਟ ਅਤੇ ਜਨਰਲ ਸੈਕਟਰੀ ਅਮਨਦੀਪ ਸਿੰਘ ਪਟਿਆਲਾ ਵੱਲੋਂ ਪ੍ਰੈੱਸ ਨੂੰ ਦੱਸਿਆ ਗਿਆ ਕਿ ਯੂਨੀਅਨ ਵੱਲੋਂ ਸਰਕਾਰ ਨਾਲ ਯੂਨੀਅਨ ਦੇ ਮੁੱਦਿਆਂ ਸਬੰਧੀ 50 ਤੋਂ ਜ਼ਿਆਦਾ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਫ਼ਿਰ ਵੀ ਸਰਕਾਰ ਵੱਲੋਂ ਠੇਕੇ ’ਤੇ ਸੇਵਾਵਾਂ ਨਿਭਾ ਰਹੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਇਸ ਦੇ ਸਿੱਟੇ ਵਜੋਂ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣਾ ਰੋਸ ਪ੍ਰਗਟ ਕਰਦਿਆਂ 17 ਅਗਸਤ ਤੋਂ 24 ਤਰੀਕ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ । ਇਸ ਹੜਤਾਲ ’ਚ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਮੂਹ ਕਰਮਚਾਰੀਆਂ ਦੀ ਹੜਤਾਲ ਕਾਰਨ ਸਿਹਤ ਸੇਵਾਵਾਂ ਬੂਰੀ ਤਰਾਂ ਪ੍ਰਭਾਵਿਤ ਰਹੀਆਂ। ਇਸ ਹੜਤਾਲ ਦੌਰਾਨ ਐੱਨਐੱਚਐੱਮ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਸਰਕਾਰ ਨੂੰ ਗੁੜੀ ਨੀਂਦ ’ਚੋਂ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਸਖ਼ਤ ਸ਼ਬਦਾਂ ’ਚ ਕਿਹਾ ਕਿ ਜੇਕਰ ਸਰਕਾਰ ਐੱਨਐੱਚਐੱਮ ਮੁਲਾਜ਼ਮਾਂ ਦੀ ਮੁੱਖ ਮੰਗਾਂ ਜਿਵੇਂ ਕਿ ਤਨਖ਼ਾਹਾਂ ਵਿਚ ਸਨਮਾਨਜਨਕ ਵਾਧਾ, ਗਰੇਚੁਟੀ, ਰਿਟਾਇਰਮੈਂਟ ਉਮਰ ਹੱਦ ਵਾਧਾ ਆਦਿ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਇਸ ਦਾ ਜਵਾਬ ਸਮੂਹ ਐੱਨਐੱਚਐੱਮ ਮੁਲਾਜ਼ਮ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੇਣਗੇ। ਇਸ ਮੌਕੇ ’ਤੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਹੋਇਆਂ ਯੂਨੀਅਨ ਦੇ ਜਨਰਲ ਸੈਕਟਰੀ ਰਾਮ ਸਿੰਘ ਕਪੂਰਥਲਾ ਅਤੇ ਅਮਨਦੀਪ ਸਿੰਘ ਪਟਿਆਲਾ ਨੇ ਕਿਹਾ ਕਿ ਸਾਫ਼ ਸ਼ਬਦਾਂ ਵਿਚ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਨਹੀਂ ਕਰਦੀ ਤਾਂ ਐੱਨਐੱਚਐੱਮ ਯੂਨੀਅਨ ਵੱਲੋਂ ਸਰਕਾਰ ਦਾ ਹਰ ਮੋੜ ’ਤੇ ਘਿਰਾਓ ਕੀਤਾ ਜਾਵੇਗਾ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸੁਖਜੀਤ ਸਿੰਘ ਰੋਪੜ, ਡਾਕਟਰ ਵਾਹਿਦ ਅਤੇ ਗੁਲਸ਼ਨ ਸ਼ਰਮਾ ਫਰੀਦਕੋਟ, ਜਗਦੇਵ ਮਾਨਸਾ ਨੇ ਸਾਂਝੀ ਆਵਾਜ਼ ’ਚ ਕਿਹਾ ਕਿ ਸਰਕਾਰ ਅਤੇ ਵਿਭਾਗ ਨੂੰ ਤੁਰੰਤ ਸਾਡੀਆਂ ਹੱਕੀ ਮੰਗਾਂ ਮੰਨਦੇ ਹੋਏ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਜਸਬੀਰ ਸਿੰਘ ਕੋਟੀਆ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਸਰਕਾਰ ਦੁਬਾਰਾ ਫਿਰ ਟਾਲ ਮਟੋਲ ਦੀ ਨੀਤੀ ਵਰਤਦੀ ਹੈ ਤਾਂ ਸਾਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਾ ਪਵੇਗਾ ਅਤੇ ਜਲਦੀ ਹੀ ਸਟੇਟ ਹੈੱਡ ਕੁਆਰਟਰ ਚੰਡੀਗੜ੍ਹ ਦਾ ਘਿਰਾਓ ਕੀਤਾ ਜਾਵੇਗਾ। ਇਸ ਹੜਤਾਲ ਦੌਰਾਨ ਪ੍ਰਭਵਿਤ ਹੋਣ ਵਾਲੀਆਂ ਸਿਹਤ ਸੇਵਾਵਾਂ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਸਮੂਹ ਐੱਨਐੱਚਐੱਮ ਮੁਲਾਜ਼ਮ ਵੱਡੀ ਗਿਣਤੀ ਵਿਚ ਹਾਜ਼ਰ ਸਨ।