ਮੌਸਮੀ ਬਿਮਾਰੀਆਂ ਤੋਂ ਬਚਾਅ ਸਬੰਧੀ ਐਡਵਾਈਜ਼ਰੀ ਜਾਰੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ,
Publish Date: Thu, 23 Jul 2026 04:39 PM (IST)
Updated Date: Thu, 23 Jul 2026 04:40 PM (IST)
ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ: ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਵੱਲੋਂ ਬਰਸਾਤੀ ਮੌਸਮ ਦੌਰਾਨ ਪਾਣੀ ਨਾਲ ਫੈਲਣ ਵਾਲੀਆਂ, ਭੋਜਨ ਰਾਹੀਂ ਫੈਲਣ ਵਾਲੀਆਂ ਅਤੇ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਦੱਸਿਆ ਕਿ ਐਡਵਾਈਜ਼ਰੀ ਅਨੁਸਾਰ ਮੌਨਸੂਨ ਦੌਰਾਨ ਭਾਰੀ ਮੀਂਹ, ਪਾਣੀ ਖੜ੍ਹਾ ਹੋਣ ਅਤੇ ਜਲ ਭਰਾਅ ਕਾਰਨ ਇਨ੍ਹਾਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ। ਉਹਨਾਂ ਐਡਵਾਈਜ਼ਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਘਰਾਂ ਅਤੇ ਆਲੇ-ਦੁਆਲੇ ਦੀ ਨਿਯਮਿਤ ਸਫ਼ਾਈ ਰੱਖਣ, ਨਾਲਿਆਂ ਦੀ ਸਫ਼ਾਈ ਕਰਨ, ਕੂੜਾ-ਕਰਕਟ ਨਿਰਧਾਰਿਤ ਥਾਵਾਂ ਤੇ ਹੀ ਸੁੱਟਣ ਅਤੇ ਛੱਤਾਂ, ਕੂਲਰਾਂ, ਗਮਲਿਆਂ, ਟਾਇਰਾਂ ਅਤੇ ਹੋਰ ਬਰਤਨਾਂ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ। ਐਡਵਾਈਜ਼ਰੀ ਅਨੁਸਾਰ ਲੋਕ ਸਿਰਫ਼ ਉਬਾਲਿਆ ਜਾਂ ਕਲੋਰੀਨ ਮਿਲਿਆ ਸਾਫ਼ ਪਾਣੀ ਹੀ ਪੀਣ, ਪੀਣ ਵਾਲੇ ਪਾਣੀ ਨੂੰ ਢੱਕ ਕੇ ਰੱਖਣ, ਫਲਾਂ ਅਤੇ ਸਬਜ਼ੀਆਂ ਨੂੰ ਸਾਫ਼ ਪਾਣੀ ਨਾਲ ਧੋ ਕੇ ਵਰਤਣ ਅਤੇ ਹੜ੍ਹ ਜਾਂ ਗੰਦੇ ਪਾਣੀ ਦੇ ਸੰਪਰਕ ਵਿਚ ਆਏ ਭੋਜਨ ਦੀ ਵਰਤੋਂ ਤੋਂ ਪਰਹੇਜ਼ ਕਰਨ। ਮੱਛਰਾਂ ਤੋਂ ਬਚਾਅ ਲਈ ਘਰਾਂ ਦੇ ਪਾਣੀ ਵਾਲੇ ਟੈਂਕੀਆਂ ਨੂੰ ਢੱਕ ਕੇ ਰੱਖਣ, ਪੂਰੀਆਂ ਬਾਂਹਾਂ ਵਾਲੇ ਕੱਪੜੇ ਪਹਿਨਣ, ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਕਰਨ ਅਤੇ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਐਂਟੀ-ਲਾਰਵਾ ਅਤੇ ਫੌਗਿੰਗ ਗਤੀਵਿਧੀਆਂ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬਰਸਾਤੀ ਮੌਸਮ ਵਿਚ ਸੱਪ ਦੇ ਡੱਸਣ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਪਾਣੀ ਭਰੇ ਖੇਤਰਾਂ ਵਿਚ ਨੰਗੇ ਪੈਰ ਨਾ ਤੁਰਨ, ਰਾਤ ਸਮੇਂ ਟਾਰਚ ਦੀ ਵਰਤੋਂ ਕਰਨ ਅਤੇ ਝਾੜੀਆਂ ਜਾਂ ਬਿੱਲਾਂ ਵਿਚ ਹੱਥ-ਪੈਰ ਨਾ ਪਾਉਣ ਦੀ ਸਲਾਹ ਦਿੱਤੀ ਗਈ ਹੈ। ਜੇਕਰ ਸੱਪ ਡੱਸ ਲਵੇ ਤਾਂ ਕਿਸੇ ਵੀ ਤਰ੍ਹਾਂ ਦੇ ਘਰੇਲੂ ਇਲਾਜ ਦੀ ਬਜਾਏ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਰਸਾਤੀ ਮੌਸਮ ਦੌਰਾਨ ਸਾਫ਼-ਸਫ਼ਾਈ ਬਣਾਈ ਰੱਖਣ, ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ ਅਤੇ ਬੁਖਾਰ, ਦਸਤ, ਉਲਟੀਆਂ ਜਾਂ ਹੋਰ ਕਿਸੇ ਵੀ ਸਿਹਤ ਸਮੱਸਿਆ ਦੇ ਲੱਛਣ ਦਿਖਾਈ ਦੇਣ ਤੇ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਚ ਸੰਪਰਕ ਕਰਨ।