ਕਰਤਾਰ ਸਿੰਘ ਸਰਾਭਾ ਸਮੇਤ ਸੱਤ ਗਦਰੀਆਂ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਨੌਜਵਾਨ ਭਾਰਤ ਸਭਾ ਨੇ
Publish Date: Tue, 17 Nov 2026 04:56 PM (IST)
Updated Date: Wed, 18 Nov 2026 04:01 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਨੌਜਵਾਨ ਭਾਰਤ ਸਭਾ ਨੇ ਮੋਗਾ ਵਿਖੇ ਸੁਤੰਤਰਤਾ ਸੈਨਾਨੀ ਹਾਲ ਵਿਚ 16 ਨਵੰਬਰ 1915 ਨੂੰ ਬ੍ਰਿਟਿਸ਼ ਹਕੂਮਤ ਵੱਲੋਂ ਫਾਂਸੀ ਲਗਾ ਕੇ ਸ਼ਹੀਦ ਕੀਤੇ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਜਿਨਾਂ ਵਿੱਚ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਮੁੱਖ ਬੁਲਾਰੇ ਟੀਚਰ ਡੈਮੋਕਰੈਟਿਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਭਗਤਾ ਭਾਈਕਾ, ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਗਦਰ ਲਹਿਰ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ, ਜਿਸ ਦੇ 1800 ਦੇ ਕਰੀਬ ਗਦਰੀ ਬਾਬੇ ਅੰਗਰੇਜ਼ਾਂ ਦੁਆਰਾ ਫਾਂਸੀਆਂ ਤੇ ਚੜਾਏ ਗਏ ਉਮਰ ਕੈਦ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਉਸ ਸਮੇਂ ਦੇਸ਼ ਦੀ ਦੂਸਰੀ ਵੱਡੀ ਰਾਜਨੀਤਿਕ ਪਾਰਟੀ ਕਾਂਗਰਸ ਕੋਲ ਅਜਿਹਾ ਕੋਈ ਕੁਰਬਾਨੀ ਭਰਿਆ ਇਤਿਹਾਸ ਨਹੀਂ ਹੈ ਜੋ ਸਾਬਤ ਕਰਦਾ ਹੈ ਕਿ ਗਦਰ ਪਾਰਟੀ ਹੀ ਖਰੀ ਤੇ ਸੱਚੀ ਦੇਸ਼ ਭਗਤ ਪਾਰਟੀ ਸੀ ਜੋ ਸਾਮਰਾਜ ਖਿਲਾਫ ਡਟ ਕੇ ਖੜੀ। ਦੇਸ਼ ਨੂੰ ਪਹਿਲਾ ਝੰਡਾ ਗਦਰ ਪਾਰਟੀ ਨੇ ਦਿੱਤਾ ਅਤੇ ਸਮਝੌਤਿਆਂ, ਮਿੰਨਤਾਂ ਵਾਲੇ ਰਾਹ ਦੀ ਥਾਂ ਆਜ਼ਾਦੀ ਦਾ ਰਾਹ ਹਥਿਆਰਬੰਦ ਗਦਰ ਵੀ ਗਦਰ ਪਾਰਟੀ ਨੇ ਹੀ ਦਿਖਾਇਆ। ਅਜੌਕੇ ਸਮੇਂ ਸਾਮਰਾਜੀ ਨਿਹੱਕੀਆਂ ਜੰਗਾਂ, ਸਾਮਰਾਜੀ ਲੁੱਟ ਖਿਲਾਫ ਗਦਰ ਲਹਿਰ ਵਾਂਗ ਹੀ ਡਟਣ ਦੀ ਲੋੜ ਹੈ। ਜਿਲ੍ਹਾ ਪ੍ਰਧਾਨ ਰਾਜਦੀਪ ਸਿੰਘ, ਸਤਨਾਮ ਡਾਲਾ ਅਤੇ ਬ੍ਰਿਜ਼ ਰਾਜੇਆਣਾ ਨੇ ਕਿਹਾ ਕਿ ਗਦਰ ਲਹਿਰ ਵਿਚ ਕਰਤਾਰ ਸਿੰਘ ਸਰਾਭਾ ਸਭ ਤੋਂ ਘੱਟ ਉਮਰ ਦਾ ਗਦਰੀ ਸੀ ਜੋ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਛੱਡ ਕੇ ਗਦਰ ਪਾਰਟੀ ਦਾ ਸਿਪਾਹੀ ਬਣ ਗਿਆ। ਗਦਰ ਪਾਰਟੀ ਦੇ ਗਦਰ ਅਖਬਾਰ ਨੂੰ ਛਾਪਣ, ਹਵਾਈ ਜਹਾਜ ਦੀ ਟ੍ਰੇਨਿੰਗ ਲੈਣ, ਫੌਜੀ ਛੋਣੀਆਂ ਵਿੱਚ ਬਗਾਵਤਾਂ ਕਰਾਉਣ ਅਤੇ ਪਾਰਟੀ ਦੀਆਂ ਹੋਰ ਅਹਿਮ ਜਿੰਮੇਵਾਰੀਆਂ ਕਰਤਾਰ ਸਿੰਘ ਸਰਾਭੇ ਨੇ ਓਟੀਆਂ। ਇਸੇ ਕਰ ਕੇ ਬਾਬਾ ਸੋਹਣ ਸਿੰਘ ਭਕਣਾ ਸਰਾਭੇ ਨੂੰ ਬਾਲ ਜਰਨੈਲ ਕਿਹਾ ਕਰਦੇ ਸਨ। ਗਦਰੀਆਂ ਨੇ ਵਿਦੇਸ਼ਾਂ ਦੀ ਧਰਤੀ ਨੂੰ ਛੱਡ ਕੇ 21 ਫਰਵਰੀ 1915 ਨੂੰ ਦੇਸ਼ ਪਰਤ ਕੇ ਅੰਗਰੇਜ਼ਾਂ ਖਿਲਾਫ ਗਦਰ ਮਚਾਇਆ। ਅੱਜ ਦੇਸ਼ ਦੀ ਕੇਂਦਰੀ ਸੱਤਾ ਵਿਚ ਬਿਰਾਜਮਾਨ ਸਾਮਰਾਜ ਪੱਖੀ ਬੀਜੇਪੀ ਆਰਐੱਸਐੱਸ ਸਾਡਾ ਕੁਰਬਾਨੀਆਂ ਭਰਿਆ ਇਨਕਲਾਬੀ ਵਿਰਾਸਤ ਵਾਲਾ ਇਤਿਹਾਸ ਮੇਟਣਾ ਚਾਹੁੰਦੀ ਹੈ ਉਸਦੀ ਥਾਂ ਉੱਪਰ ਫਿਰਕੂ ਪਿਛਾਖੜੀ ਸੋਚ ਵਾਲਾ ਇਤਿਹਾਸ ਲਿਆ ਕੇ ਨੌਜਵਾਨਾਂ ਵਿੱਚੋਂ ਇਨਕਲਾਬੀ ਪ੍ਰਗਤੀਸ਼ੀਲ ਵਿਚਾਰਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਇਸ ਕਰਕੇ ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਤੋਂ ਪ੍ਰੇਰਨਾ ਲੈ ਕੇ ਬੇਰੁਜ਼ਗਾਰੀ ਨਸ਼ਿਆਂ ਅਤੇ ਹੋਰ ਅਲਾਮਤਾਂ ਵਿੱਚ ਗਰਸੇ ਨੌਜਵਾਨਾਂ ਨੂੰ ਇਨਕਲਾਬੀ ਵਿਚਾਰਾਂ ਨਾਲ ਜੁੜ ਕੇ ਅੱਜ ਦੇਸ਼ ਦੀ ਲੁਟੇਰੀ ਹਕੂਮਤ ਖਿਲਾਫ ਯੁੱਧ ਲੜਨਾ ਪਵੇਗਾ।