- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹਾਇਕ ਡਾਇਰੈਕਟਰ ਯੁਵਕ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮੋਗਾ ਦਵਿੰਦਰ ਸਿੰਘ ਲੋਟੇ ਅਤੇ ਮੈਡਮ ਤਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਖ਼ੇਤਰ ਦੀ ਨਾਮਵਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਭਾਈ ਘਨ੍ਹੱਈਆ ਕੌਮੀ ਸੇਵਾ ਯੋਜਨਾ ਯੂਨਿਟ ਦੇ ਵਲੰਟੀਅਰਾਂ ਵੱਲੋਂ ਕੌਮੀ ਸੇਵਾ ਯੋਜਨਾ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਦੱਸਿਆ ਕਿ ਸਾਡੇ ਦੇਸ਼ ਵਿਚ 1969 ਤੋਂ ਹਰ ਵਰ੍ਹੇ 24 ਸਤੰਬਰ ਨੂੰ ਕੌਮੀ ਸੇਵਾ ਯੋਜਨਾ ਦਿਵਸ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਦੇਸ਼ ਦੇ ਨੌਜਵਾਨ ਵਰਗ ਨੂੰ ਸਮਾਜ ਅਤੇ ਰਾਸ਼ਟਰ ਪ੍ਰਤੀ ਬਣਦੇ ਫਰਜ਼ਾਂ ਤੋਂ ਜਾਣੂੰ ਕਰਵਾਉਣਾ ਹੈ। ਉਨ੍ਹਾਂ ਨੇ ਇਸ ਦੇ ਪਿਛੋਕੜ, ਮਹੱਤਵ ਅਤੇ ਮਾਟੋ ਬਾਰੇ ਵਿਸਥਾਰਤ ਰੌਸ਼ਨੀ ਪਾਈ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਨੌਜਵਾਨ ਵਰਗ ਸਿਰ ਬਹੁਤ ਵੱਡੀਆਂ ਜ਼ਿੰਮੇਂਵਾਰੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਹਾਸਿਲ ਕਰਕੇ ਚੰਗੇ ਨਾਗਰਿਕ ਬਣਨ ਅਤੇ ਸਮਾਜਿਕ ਜ਼ਿੰਮੇਂਵਾਰੀਆਂ ਸੁਹਿਰਦਤਾ ਨਾਲ ਨਿਭਾਉਣ ਦੀ ਤਾਕੀਦ ਕੀਤੀ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਪੈਗ਼ਾਮ ’ਚ ਦੱਸਿਆ ਕਿ ਨੌਜਵਾਨ ਵਰਗ ਸਾਡੇ ਰਾਸ਼ਟਰ ਦਾ ਹਰਿਆਵਲ ਦਸਤਾ ਹੁੰਦਾ ਹੈ, ਜਿਸ ਨੇ ਭਵਿੱਖ ਵਿਚ ਦੇਸ਼ ਦੀ ਵਾਂਗਡੋਰ ਸੰਭਾਲ ਕੇ ਭਾਰਤ ਨੂੰ ਵਿਸ਼ਵ ਦਾ ਮੋਹਰੀ ਦੇਸ਼ ਬਣਾਉਣ ’ਚ ਸਰਗਰਮ ਭੂਮਿਕਾ ਨਿਭਾਉਣੀ ਹੁੰਦੀ ਹੈ। ਇਸ ਸਮੇਂ ਵਲੰਟੀਅਰਾਂ ਦੇ ਵਿਸ਼ੇ ਨਾਲ ਸਬੰਧਤ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿਚ ਦਰਜਨ ਦੇ ਕਰੀਬ ਵਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ ਵਲੰਟੀਅਰਾਂ ਨੇ ਸਮਾਜ ਸੇਵਾ ਦਾ ਅਹਿਦ ਵੀ ਲਿਆ।