ਨੈਸ਼ਨਲ ਹੈਲਥ ਮਿਸ਼ਨ ਕਾਮਿਆਂ ਨੇ ਰੋਸ ਰੈਲੀ ਦਾ ਕੀਤਾ ਐਲਾਨ ਸਿਹਤ ਵਿਭਾਗ ’ਚ ਯੋਗ ਪ੍ਰਣਾਲੀ
Publish Date: Thu, 06 Aug 2026 04:07 PM (IST)
Updated Date: Thu, 06 Aug 2026 04:07 PM (IST)
15 ਅਗਸਤ ਨੂੰ ਮੁੱਖ ਮੰਤਰੀ ਵਿਰੁੱਧ ਕੀਤੀ ਜਾਵੇਗੀ ਨਾਅਰੇਬਾਜ਼ੀ ਕਾਕਾ ਰਾਮੂੰਵਾਲਾ, ਪੰਜਾਬੀ ਜਾਗਰਣ ਚੜਿੱਕ: ਸਿਹਤ ਵਿਭਾਗ ’ਚ ਯੋਗ ਪ੍ਰਣਾਲੀ ਰਾਹੀਂ ਨੈਸ਼ਨਲ ਹੈਲਥ ਮਿਸ਼ਨ ਅਧੀਨ ਭਰਤੀ ਕੀਤੇ ਵੀਹ ਸਾਲਾਂ ਤੋਂ ਠੇਕੇ ’ਤੇ ਕੰਮ ਕਰਦੇ ਕੱਚੇ ਸਿਹਤ ਮੁਲਾਜ਼ਮਾਂ ਨਾਲ ਪੱਕੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ ਵਿਚ ਆਪਣੇ ਵਾਅਦਿਆਂ ਭੱਜਦੀ ਨਜ਼ਰ ਆ ਰਹੀ ਹੈ ਤੇ ਐੱਨਐੱਚਐੱਮ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਦੇ ਸਬੰਧ ਵਿਚ ਪਹਿਲਾਂ ਵਾਂਗ ਪੰਜਾਬ ਸਰਕਾਰ ਨੇ ਪਿਛਲੇ ਲਗਭਗ ਸਾਢੇ ਚਾਰ ਸਾਲਾਂ ਤੋਂ ਲਾਰੇਬਾਜੀ ਅਤੇ ਡੰਗ ਟਪਾਊ ਨੀਤੀ ਅਪਣਾਉਂਦਿਆਂ ਐੱਨਐੱਚਐੱਮ ਕਰਮਚਾਰੀਆਂ ਨੂੰ ਹਰ ਵਾਰ ਅੱਖੋਂ ਪਰੋਖੇ ਕੀਤਾ ਹੈ। ਜਿਸ ਕਾਰਨ ਸਮੂਹ ਐੱਨਐੱਚਐੱਮ ਮੁਲਾਜ਼ਮਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੂਬਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਸਰਕਾਰ ਦੀ ਇਸੇ ਬੇਰੁਖੀ ਕਾਰਨ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਰੋਸ ਵਜੋਂ 15 ਅਗਸਤ ਵਾਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਫਿਰੋਜ਼ਪੁਰ ਵਿਖੇ ਝੰਡਾ ਲਹਿਰਾਉਣ ਆ ਰਹੇ ਹਨ ਦੇ ਵਿਰੁੱਧ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ। ਸੂਬਾ ਸਕੱਤਰ ਰਾਮ ਸਿੰਘ ਕਪੂਰਥਲਾ ਕਿਹਾ ਕਿ ਸੂਬਾ ਸਰਕਾਰ ਨੇ ਸਾਢੇ ਚਾਰ ਸਾਲ ਬੀਤ ਜਾਣ ਮਗਰੋਂ ਵੀ ਨੈਸਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਦੀ ਤਨਖ਼ਾਹ ਵਿਚ ਇਕ ਰੁਪਈਏ ਦਾ ਵੀ ਵਾਧਾ ਨਹੀਂ ਕੀਤਾ ਸਗੋਂ ਮੀਟਿੰਗ ‘ਚ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਹਨ । ਡਾ. ਸਿਮਰਪਾਲ ਸਿੰਘ ਮੋਗਾ ਨੇ ਕਿਹਾ ਕਿ ਜੇ ਸਰਕਾਰ 15 ਅਗਸਤ ਤੱਕ ਕੋਈ ਹੰਗਾਮੀ ਮੀਟਿੰਗ ਬੁਲਾ ਕੇ ਸਾਡੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਨੋਟੀਫਿਕੇਸ਼ਨ ਦੇ ਰੂਪ ’ਚ ਨਹੀਂ ਲੈ ਕੇ ਆਉਦੀ ਤਾਂ ਉਹ ਰੈਲੀ ਤੋਂ ਤੁਰੰਤ ਬਾਅਦ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਲਈ ਮਜ਼ਬੂਰ ਹੋਣਗੇ। ਗੁਰਪ੍ਰੀਤ ਭੁੱਲਰ ਮੁਕਤਸਰ ਸਾਹਿਬ ਨੇ ਕਿਹਾ ਜਿੱਥੇ ਸਾਰਾ ਦੇਸ਼ ਆਜ਼ਾਦੀ ਦਿਵਸ ਨੂੰ ਬੜੇ ਪਿਆਰ ਅਤੇ ਉਤਸ਼ਾਹ ਨਾਲ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ, ਉੱਥੇ ਹੀ ਐੱਨਐੱਚਐੱਮ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਗੁਲਾਮੀ ਦੀਆਂ ਜੰਜੀਰਾਂ ’ਚ ਜਕੜਿਆ ਹੋਇਆ ਹੈ ਅਤੇ ਇਸ ਠੇਕਾ ਪ੍ਰਥਾ ਦੀ ਗੁਲਾਮੀ ’ਚੋਂ ਬਾਹਰ ਨਿਕਲਣਾ ਦੀ ਉਮੀਦ ਲਗਭਗ ਇਸ ਸਰਕਾਰ ਨੇ ਖ਼ਤਮ ਕਰ ਦਿੱਤੀ ਹੈ। ਡਾ. ਵਾਹਿਦ ਮਲੇਰਕੋਟਲਾ ਨੇ ਕਿਹਾ ਕਿ ਜੇ ਸਰਕਾਰ ਅਤੇ ਵਿਭਾਗ ਹੁਣ ਵੀ ਸਾਡੀਆਂ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੰਦੇ ਤਾਂ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦੇ ਹੋਏ ਫਿਰੋਜ਼ਪੁਰ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਗੁਲਸ਼ਨ ਫ਼ਰੀਦਕੋਟ, ਦਿਨੇਸ ਪਟਿਆਲਾ, ਕਿਰਨ ਮੋਹਾਲੀ, ਜਗਦੇਵ ਸਿੰਘ ਮਾਨਸਾ, ਜਸ਼ਨ ਫਤਿਹਗੜ੍ਹ ਸਾਹਿਬ, ਡਾ. ਸਿਮਰਪਾਲ ਸਿੰਘ ਮੋਗਾ, ਡਾ. ਪੰਖੜੀ ਜਲੰਧਰ, ਡਾ. ਸ਼ਿਵਰਾਜ ਲੁਧਿਆਣਾ, ਜਸਵੀਰ ਤਰਨਤਾਰਨ, ਤੁਰਣਜੀਤ ਹੁਸ਼ਿਆਰਪੁਰ , ਰਣਜੀਤ ਕੋਰ ਬਠਿੰਡਾ, ਦੀਪਿਕਾ ਪਠਾਨਕੋਟ, ਦਵਿੰਦਰ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਅਮਨਦੀਪ ਕੌਰ ਨਵਾਂ ਸ਼ਹਿਰ ਹਾਜ਼ਰ ਸਨ ।